By 121 News
Chandigarh, Feb.21, 2026:-ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਅੱਜ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਸੈਕਟਰ 17 ਵਿਖੇ ਪੁਲ ਦੇ ਹੇਠਾਂ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਜਿਸ ਦੌਰਾਨ ਚੰਡੀਗੜ੍ਹ ਵਿੱਚ ਪੰਜਾਬੀ ਬੋਲੀ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਦੀ ਮੰਗ ਰੱਖੀ ਗਈ ਅਤੇ ਚੰਡੀਗੜ੍ਹ ਪ੍ਰਸ਼ਾਸਨ ਖਿਲਾਫ ਜੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।
ਧਰਨੇ ਵਿੱਚ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ, ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ, ਤਰਕਸ਼ੀਲ ਸੁਸਾਇਟੀ, ਨੌਜਵਾਨ, ਕਿਸਾਨ ਆਗੂ ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਵਿਭਾਗ ਦੇ ਪੈਨਸ਼ਨਰ ਆਗੂ, ਸਾਹਿਤਕਾਰ ਵਿਗਿਆਨ ਕੇਂਦਰ, ਲੇਖਕ ਸਭਾ, ਚੰਡੀਗੜ੍ਹ-ਪੰਜਾਬ ਜਰਨਲਿਸਟ ਯੂਨੀਅਨ ਦੇ ਨੁਮਾਇੰਦੇ, ਅਦਾਕਾਰ, ਕਲਾਕਾਰ ਅਤੇ ਸਿਆਸੀ ਆਗੂ ਵੀ ਸ਼ਾਮਿਲ ਹੋਏ।
ਧਰਨੇ ਨੂੰ ਸੰਬੋਧਨ ਕਰਦਿਆਂ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ, ਜਨਰਲ ਸਕੱਤਰ ਕਾਮਰੇਡ ਦੇਵੀ ਦਿਆਲ ਸ਼ਰਮਾ, ਬਾਬਾ ਸਾਧੂ ਸਿੰਘ ਸਾਰੰਗਪੁਰ, ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ, ਨਿਗਮ ਕੌਂਸਲਰ ਹਰਦੀਪ ਸਿੰਘ ਬੁਟੇਰਲਾ, ਸ਼ਰਨਜੀਤ ਸਿੰਘ ਬੈਦਵਾਨ ਰਾਏਪੁਰ ਕਲਾਂ, ਜੋਗਾ ਸਿੰਘ, ਪੈਨਸ਼ਨਰ ਭੁਪਿੰਦਰ ਸਿੰਘ, ਗੁਰਚਰਨ ਸਿੰਘ, ਗੁਰਦੁਆਰਾ ਸੰਗਠਨ ਤੋਂ ਰਘੁਵੀਰ ਸਿੰਘ ਰਾਮਪੁਰ, ਕਾਮਰੇਡ ਰਾਜ ਕੁਮਾਰ, ਸਾਹਿਤਕਾਰ ਗੁਰਦਰਸ਼ਨ ਸਿੰਘ ਮਾਵੀ, ਬਲਕਾਰ ਸਿੰਘ ਸਿੱਧੂ ਆਦਿ ਨੇ ਕਿਹਾ ਕਿ ਅੱਜ ਮਾਂ ਬੋਲੀ ਦਿਵਸ ਮੌਕੇ ਇਹ ਜਾਣ ਕੇ ਬੜਾ ਦੁੱਖ ਹੁੰਦਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਸਮੇਂ-ਸਮੇਂ ਉਤੇ ਆਏ ਅਧਿਕਾਰੀਆਂ ਦੀ ਵਜ੍ਹਾ ਨਾਲ ਸਾਡੀ ਮਾਂ ਬੋਲੀ ਆਪਣੇ ਹੀ ਘਰ ਵਿੱਚ ਬੇਗਾਨੀ ਹੋ ਕੇ ਰਹਿ ਗਈ ਹੈ। ਇਸ ਖਿੱਤੇ ਦੀ ਬੋਲੀ ਪੰਜਾਬੀ ਨੂੰ ਛੱਡ ਕੇ ਦੂਜੀਆਂ ਭਾਸ਼ਾਵਾਂ ਨੂੰ ਅੱਗੇ ਕਰ ਦਿੱਤਾ ਗਿਆ ਹੈ।
ਬੁਲਾਰਿਆਂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬੀ ਮੰਚ ਵਾਰ-ਵਾਰ ਧਰਨਾ ਰੈਲੀਆਂ ਅਤੇ ਰੋਸ ਮਾਰਚ ਕਰ-ਕਰ ਕੇ ਪ੍ਰਸ਼ਾਸਨ ਨੂੰ ਝੰਜੋੜਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ ਪ੍ਰੰਤੁ ਇਥੋਂ ਦਾ ਪ੍ਰਸ਼ਾਸਨ ਲਗਾਤਾਰ ਗੁੰਮਰਾਹ ਕਰ ਰਿਹਾ ਹੈ। ਕਾਮਰੇਡ ਦੇਵੀ ਦਿਆਲ ਸ਼ਰਮਾ ਨੇ ਪ੍ਰਸ਼ਾਸਨ ਦੇ ਦੋ ਸਰਕਾਰੀ ਪੱਤਰ ਵੀ ਆਪਣੇ ਸੰਬੋਧਨ ਵਿੱਚ ਪੜ੍ਹ ਕੇ ਸੁਣਾਏ ਜਿਨ੍ਹਾਂ ਵਿੱਚ ਪ੍ਰਸ਼ਾਸਨ ਗੁੰਮਰਾਹ ਕਰ ਰਿਹਾ ਹੈ।
ਬੁਲਾਰਿਆਂ ਨੇ ਯੂ.ਟੀ. ਪ੍ਰਸ਼ਾਸਨ ਨੂੰ ਤਾੜਨਾ ਕੀਤੀ ਕਿ ਜਦੋਂ ਤੱਕ ਚੰਡੀਗੜ੍ਹ ਵਿੱਚ ਪੰਜਾਬੀ ਬੋਲੀ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਮੰਚ ਵੱਲੋਂ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਰੱਖੇ ਜਾਣਗੇ।
ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਗੁਰਜੋਤ ਸਿੰਘ ਸਾਹਨੀ, ਪਵਿੱਤਰ ਸਿੰਘ ਖੁੱਡਾ ਅਲੀਸ਼ੇਰ, ਭੁਪਿੰਦਰ ਮਟੌਰੀਆ, ਪੰਮੀ ਸਿੱਧੂ, ਮੋਹਾਲੀ ਤੋਂ ਕੌਂਸਲਰ ਸਤਬੀਰ ਸਿੰਘ ਧਨੋਆ ਆਦਿ ਵੀ ਹਾਜ਼ਰ ਸਨ।
No comments:
Post a Comment