By 121 News
Chandigarh, Oct.19, 2024:-ਪੰਜਾਬ ਲਲਿਤ ਕਲਾ ਅਕਾਦਮੀ ਦੀ ਜਨਰਲ ਕੌਂਸਲ ਦੀ ਮੀਟਿੰਗ ਅਕਾਦਮੀ ਦੇ ਪ੍ਰਧਾਨ ਗੁਰਦੀਪ ਧੀਮਾਨ, ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਅਤੇ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਡਾ. ਰਵੇਲ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਸੁਮੀਤ ਦੂਆ ਨੂੰ ਮੀਤ ਪ੍ਰਧਾਨ ਅਤੇ ਪੋਸਟ ਗਰੈਜੂਏਟ ਸਰਕਾਰੀ ਕਾਲਜ ਲੜਕੀਆਂ ਦੇ ਡਾ. ਜਸਪਾਲ ਕਮਾਣਾ ਨੂੰ ਅਕਾਦਮੀ ਦੇ ਸਕੱਤਰ ਚੁਣਿਆ ਗਿਆ।
ਇਸ ਤੋਂ ਇਲਾਵਾ ਅਕਾਦਮੀ ਦੀ ਕਾਰਜਕਾਰਨੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਵਿੱਚ ਜਸਕੰਵਲਜੀਤ ਕੌਰ, ਅਸ਼ਵਨੀ ਵਰਮਾ, ਬਾਸੁਦੇਵ ਬਿਸਵਾਸ ਅਤੇ ਕਮਲ ਸੋਹਲ ਦੀ ਚੋਣ ਕੀਤੀ ਗਈ। ਅਕਾਦਮੀ ਦੀ ਜਨਰਲ ਕੌਂਸਲ ਦੇ ਮੈਂਬਰ ਸਾਹਿਬਾਨ ਸਤਵੰਤ ਸਿੰਘ ਸੁਮੇਲ, ਬ੍ਰਿਜੇਸ਼ ਜੌਲੀ, ਪ੍ਰਵੀਨ ਕੁਮਾਰ ਅਤੇ ਸੁਭਾਸ ਭਾਸਕਰ ਵੀ ਮੌਜੂਦ ਰਹੇ ।
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਅਤੇ ਸਕੱਤਰ ਡਾ. ਰਵੇਲ ਸਿੰਘ ਨੇ ਸਮੁੱਚੇ ਨਾਮਜ਼ਦ ਮੈਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਪੰਜਾਬ ਲਲਿਤ ਕਲਾ ਅਕਾਦਮੀ ਅਤੇ ਪੰਜਾਬ ਕਲਾ ਪਰਿਸ਼ਦ ਦੀਆਂ ਅਗਲੇਰੇ ਸਮਾਰੋਹਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਅਕਾਦਮੀ ਦੇ ਪ੍ਰਧਾਨ ਗੁਰਦੀਪ ਧੀਮਾਨ ਨੇ ਕਿਹਾ ਕਿ ਅਕਾਦਮੀ ਦੀ ਨਵੀਂ ਬਣੀ ਸਮੁੱਚੀ ਟੀਮ ਤਨਦੇਹੀ ਨਾਲ ਸਭ ਨਾਲ ਮਿਲ ਕੇ ਪੂਰੀ ਇਮਾਨਦਾਰੀ ਨਾਲ ਕੰਮ ਕਰੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਲਾਕਾਰਾਂ ਨੂੰ ਸਿਰਫ਼ ਭਾਰਤੀ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ਦੀ ਕਲਾ ਨਾਲ ਜੋੜਨ ਵਾਸਤੇ ਵੱਖੋ-ਵੱਖਰੀਆਂ ਲਲਿਤ ਕਲਾ ਅਕਾਦਮੀਆਂ ਅਤੇ ਕਲਾ ਸੋਸਾਇਟੀਆਂ ਨਾਲ ਸੰਪਰਕ ਸਾਧ ਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਇਹ ਸਾਰੇ ਕੰਮ ਅਕਾਦਮੀ ਦੀ ਸਲਾਹਕਾਰ ਕਮੇਟੀ ਅਤੇ ਪੰਜਾਬ ਦੇ ਸੀਨੀਅਰ ਕਲਾਕਾਰਾਂ ਦੀ ਸਲਾਹ ਨਾਲ ਨੇਪਰੇ ਚਾੜ੍ਹੇ ਜਾਣਗੇ। ਕਲਾਕਾਰਾਂ ਵਿੱਚ ਮਰ ਰਹੀ ਕਲਾ ਨੂੰ ਵਚਾਉਣ ਵਾਸਤੇ ਅਤੇ ਉਨ੍ਹਾਂ ਦੀ ਕਲਾ ਨੂੰ ਮੁੱਖ ਧਾਰਾ ਵਿਚ ਲਿਆਉਣ ਵਾਸਤੇ ਉਪਰਾਲੇ ਕੀਤੇ ਜਾਣਗੇ। ਪੰਜਾਬ ਦੇ ਸਮੁੱਚੇ ਕਲਾਕਾਰਾਂ ਨੂੰ ਡਿਜ਼ੀਟਲ ਤਕਨੀਕ ਨਾਲ ਜੋੜਨ ਲਈ ਅਤੇ ਉਨ੍ਹਾਂ ਦੀਆਂ ਕਲਾ ਦੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਨੂੰ ਅਕਾਦਮੀ ਆਪਣੀ ਵੈਬਸਾਈਟ ਉੱਪਰ ਵੀ ਸਾਂਝਾ ਕਰੇਗੀ।
No comments:
Post a Comment