Monday 12 August 2024

ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਧਨਾਸ ਅਤੇ ਬੁੜੈਲ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਪੈਦਲ ਰੋਸ ਮਾਰਚ ਲਈ ਕੀਤਾ ਲਾਮਬੰਦ

By 121 News
Chandigarh, August 12, 2024:-
ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਰਾਜ ਭਵਨ ਵੱਲ ਪੈਦਲ ਰੋਸ ਮਾਰਚ ਲਈ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਹਿੱਤ ਮੀਟਿੰਗਾਂ ਦੇ ਸ਼ੁਰੂ ਕੀਤੇ ਸਿਲਸਿਲੇ ਵਜੋਂ ਪਿੰਡ ਧਨਾਸ ਅਤੇ ਬੁੜੈਲ ਵਿਖੇ ਮੀਟਿੰਗਾਂ ਕੀਤੀਆਂ ਗਈਆਂ।
ਮੰਚ ਵੱਲੋਂ ਲੋਕਾਂ ਨੂੰ ਰੋਸ ਮਾਰਚ ਪ੍ਰਤੀ ਲਾਮਬੰਦ ਕਰਨ ਲਈ ਪਿੰਡ ਬੁੜੈਲ ਵਿਖੇ ਵੀ ਭਰ੍ਹਵੀਂ ਮੀਟਿੰਗ ਕੀਤੀ ਗਈ। ਗੁਰਦੁਆਰਾ ਸਾਹਿਬ ਵਿਖੇ ਪ੍ਰਿੰ. ਰਣਜੀਤ ਸਿੰਘ, ਹਰਭਜਨ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਹੱਲੋਮਾਜਰਾ, ਜਨਰਲ ਸਕੱਤਰ ਕਾਮਰੇਡ ਦੇਵੀ ਦਿਆਲ ਸ਼ਰਮਾ, ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ, ਗੁਰਪ੍ਰੀਤ ਸਿੰਘ ਸੋਮਲ, ਗਿਆਨ ਚੰਦ, ਜੋਗਾ ਸਿੰਘ, ਸ਼ਰਨਜੀਤ ਸਿੰਘ ਬੈਦਵਾਨ ਰਾਏਪੁਰ ਕਲਾਂ, ਪ੍ਰਲਾਦ ਸਿੰਘ, ਸਤਿੰਦਰ ਸਿੰਘ, ਮੇਵਾ ਸਿੰਘ ਆਦਿ ਵੀ ਹਾਜ਼ਰ ਸਨ।
ਪਿੰਡ ਧਨਾਸ ਵਿਖੇ ਪਰਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲੋਕਾਂ ਨੇ ਮੰਚ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ 29 ਅਗਸਤ ਨੂੰ ਮੰਚ ਵੱਲੋਂ ਕੀਤੇ ਜਾ ਰਹੇ ਰੋਸ ਮਾਰਚ ਵਿੱਚ ਧਨਾਸ ਪਿੰਡ ਤੋਂ ਵੱਡੀ ਗਿਣਤੀ ਲੋਕ ਸ਼ਾਮਿਲ ਹੋਣਗੇ। ਮੀਟਿੰਗ ਵਿੱਚ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਹੱਲੋਮਾਜਰਾ, ਕਾਮਰੇਡ ਦੇਵੀ ਦਿਆਲ ਸ਼ਰਮਾ, ਸਾਧੂ ਸਿੰਘ ਸਾਰੰਗਪੁਰ, ਜੋਗਾ ਸਿੰਘ, ਹਰਭਜਨ ਸਿੰਘ ਆਦਿ ਵੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਕਾਮਰੇਡ ਦੇਵੀ ਦਿਆਲ ਸ਼ਰਮਾ ਨੇ ਦੱਸਿਆ ਕਿ ਯੂ.ਟੀ. ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਲਗਾਤਾਰ ਯਤਨਸ਼ੀਲ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਲੋਕਤੰਤਰਿਕ ਢੰਗ ਨਾਲ ਸ਼ੁਰੂ ਕੀਤੇ ਗਏ ਸੰਘਰਸ਼ਾਂ ਦੀ ਲੜੀ ਵਜੋਂ 29 ਅਗਸਤ ਨੂੰ ਰਾਜ ਭਵਨ ਵੱਲ ਪੈਦਲ ਮਾਰਚ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜੋ ਕਿ ਸੈਕਟਰ 30 ਸਥਿਤ ਮੱਖਣ ਸ਼ਾਹ ਲੁਬਾਣਾ ਭਵਨ ਤੋਂ ਸ਼ੁਰੂ ਹੋ ਕੇ ਰਾਜ ਭਵਨ ਵੱਲ ਜਾਵੇਗਾ। ਉਸ ਪੈਦਲ ਮਾਰਚ ਵਿੱਚ ਵੱਧ ਤੋਂ ਵੱਧ ਪੰਜਾਬੀ ਹਿਤੈਸ਼ੀਆਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਮੀਟਿੰਗਾਂ ਵਿੱਚ ਸ਼ਾਮਿਲ ਦੋਵੇਂ ਪਿੰਡਾਂ ਧਨਾਸ ਅਤੇ ਬੁੜੈਲ ਦੇ ਵਸਨੀਕਾਂ ਨੇ ਪੈਦਲ ਮਾਰਚ ਵਿੱਚ ਵੱਡੀ ਗਿਣਤੀ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਦਾ ਭਰੋਸਾ ਦਿੱਤਾ।

No comments:

Post a Comment