By 1 2 1 News Reporter
Mohali 16th October: ------ ਨੌਜਵਾਨ ਸਾਡੇ ਦੇਸ਼ ਦਾ ਸਰਮਾਇਆ ਅਤੇ ਆਉਣ ਵਾਲਾ ਭਵਿੱਖ ਹਨ। ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਅੱਗੇ ਆਉਣ ਦੀ ਲੋੜ ਹੈ, ਕਿਉਂਕਿ ਨੌਜਵਾਨ ਹੀ ਦੇਸ਼ ਨੂੰ ਅਤੇ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਸ਼ਹੀਦ ਉਧਮ ਸਿੰਘ ਗਰੁੱਪ ਆਫ ਕਾਲਜਿਜ਼ ਤੰਗੌਰੀ ਵਿਖੇ ਪੰਜਾਬ 'ਚ ਪਹਿਲੀ ਵਾਰ ਭਾਰਤ ਸਰਕਾਰ ਦੇ ਯੂਵਕ ਮਾਮਲਿਆਂ ਅਤੇ ਖੇਡ ਵਿਭਾਗ ਵੱਲੋਂ ਲਗਾਏ ਗਏ 10 ਰੋਜ਼ਾ ਉੱਤਰੀ ਖੇਤਰ ਰਾਸ਼ਟਰੀ ਸੇਵਾ ਯੋਜਨਾ ਪੂਰਵ ਗਣਤੰਤਰ ਦਿਵਸ ਪਰੇਡ ਕੈਂਪ ਦਾ ਉਦਘਾਟਨ ਕਰਨ ਉਪਰੰਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਇਸ ਕੈਂਪ ਵਿੱਚ ਸ਼ਾਮਲ ਹੋਏ ਵੱਖ-ਵੱਖ ਰਾਜਾਂ ਦੇ ਨੈਸ਼ਨਲ ਸਰਵਿਸ ਸਕੀਮ (ਐਨ.ਐਸ.ਐਸ) ਦੇ ਵਲੰਟੀਅਰਾਂ ਨੂੰ ਪੰਜਾਬ ਵਿੱਚ ਲਗਾਏ ਇਸ ਕੈਂਪ ਦੀ ਮੁਬਾਰਕਬਾਦ ਦਿੰਦਿਆ ਵੰਲਟੀਅਰਾਂ ਨੂੰ ਪੰਜਾਬ ਵੱਲੋਂ ਜੀ ਆਇਆ ਵੀ ਆਖਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਤਰੀ ਰਾਜਾਂ ਤੋਂ ਕੈਂਪ ਵਿੱਚ ਸ਼ਾਮਲ ਵੰਲਟੀਅਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਉਨ੍ਹਾਂ ਇਹ ਵੀ ਆਖਿਆ ਕਿ ਉਹ ਦੇਸ਼ ਦੇ ਸਭ ਤੋਂ ਵੱਧ ਸਾਫ਼ ਸੁਥਰੇ ਸ਼ਹਿਰ ਚੰਡੀਗੜ੍ਹ ਅਤੇ ਸੂਚਨਾ ਤਕਨਾਲੋਜੀ, ਖੇਡਾਂ ਦੇ ਹੱਬ ਵਜੋਂ ਵਿਕਸਿਤ ਕੀਤੇ ਜਾ ਰਹੇ ਸ਼ਹਿਰ ਐਸ.ਏ.ਐਸ.ਨਗਰ ਨੂੰ ਵੀ ਦੇਖਣ ਲਈ ਆਉਣ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਕੈਂਪ ਵਿੱਚ ਵੱਖ-ਵੱਖ ਰਾਜਾਂ ਤੋਂ ਆਏ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਇੱਕ ਵੱਧੀਆ ਸੰਦੇਸ਼ ਲੈ ਕੇ ਜਾਣਗੇ ਅਤੇ ਕੈਂਪ ਦੌਰਾਨ ਆਪਸੀ ਭਾਈਚਾਰਕ ਸਾਂਝ ਦੇ ਨਾਲ-ਨਾਲ ਇੱਕ ਦੂਜੇ ਰਾਜਾਂ ਦੇ ਸਭਿਆਚਾਰਕ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਆਪਣੀ ਮਿਹਨਤ ਸਦਕਾ ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਮੌਕੇ ਹੋਣ ਵਾਲੀ ਪਰੇਡ ਵਿੱਚ ਸ਼ਾਮਲ ਹੋ ਕੇ ਆਪਣੇ ਸੂਬੇ ਦਾ ਨਾਂ ਰੋਸ਼ਨ ਕਰ ਸਕਣਗੇ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਐਨ.ਐਸ.ਐਸ ਦੇ ਵੰਲਟੀਅਰਾਂ ਵਿੱਚ ਜਿਥੇ ਮਨੁੱਖਤਾ ਦੀ ਸੇਵਾ ਦੀ ਤਾਂਘ ਹੁੰਦੀ ਹੈ ਉਥੇ ਉਸ ਵਿੱਚ ਸਮਾਜਿਕ ਬੁਰਾਈਆਂ ਵਿਰੁੱਧ ਲੜਣ ਦਾ ਜਜਬਾ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਉਸਾਰੂ ਸੋਚ ਸਦਕਾ ਹੀ ਦੇਸ਼ ਨੂੰ ਬੁਲੰਦੀਆਂ ਤੇ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ, ਭਰੂਣ ਹੱਤਿਆ ਅਤੇ ਦਾਜ ਦਹੇਜ ਵਰਗੀਆਂ ਲਾਹਨਤਾਂ ਨੂੰ ਸਮਾਜ ਵਿੱਚੋ ਖਤਮ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਸਾਡਾ ਮੁਲਕ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਲੋਕਤੰਤਰ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਨੌਜਵਾਨਾਂ ਨੂੰ ਆਪਣੀ ਵੋਟ ਬਣਾ ਕੇ ਉਸ ਦਾ ਸਹੀ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ। ਇਸ ਮੌਕੇ ਸ਼ਹੀਦ ਉਧਮ ਸਿੰਘ ਗਰੁੱਪ ਆਫ ਕਾਲਜਿਜ਼ ਦੀ ਪ੍ਰਬੰਧਕੀ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਕੈਂਪ ਡਿਪਟੀ ਪ੍ਰੋਗਰਾਮ ਐਡਵਾਇਜਰ ਭਾਰਤ ਸਰਕਾਰ ਜੀ.ਐਸ ਭੱਟੀ ਨੇ ਬੋਲਦਿਆਂ ਕਿਹਾ ਕਿ ਦੇਸ਼ ਵਿੱਚ ਕਰੀਬ ਐਨ.ਐਸ.ਐਸ ਦੇ 32 ਲੱਖ ਵੰਲਟੀਅਰ ਹਨ ਅਤੇ ਉੱਤਰੀ ਭਾਰਤ ਤੋਂ ਆਏ 7 ਰਾਜਾਂ ਦੇ 200 ਵੰਲਟੀਅਰ ਇਸ 10 ਰੋਜ਼ਾ ਕੈਂਪ ਵਿੱਚ ਹਿੱਸਾ ਲੈਣਗੇ। ਜਿਨ੍ਹਾਂ ਵਿੱਚ 100 ਲੜਕੇ ਅਤੇ 100 ਲੜਕੀਆਂ ਸ਼ਾਮਲ ਹਨ ਅਤੇ ਇਸ ਕੈਂਪ ਦੌਰਾਨ ਵੰਲਟੀਅਰਾਂ ਨੂੰ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਇਸ ਕੈਂਪ ਤੋਂ ਬਾਅਦ ਚੁਣੇ ਗਏ ਵੰਲਟੀਅਰ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ ਅਤੇ ਉਨ੍ਹਾਂ ਵਿਚੋਂ ਚੁਣੇ ਵੰਲਟੀਅਰ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣਗੇ।
No comments:
Post a Comment