Wednesday, 11 December 2013

ਵਿਦੇਸ਼ਾਂ ਦੀ ਤਰਜ਼ ਤੇ ਡਰਾਇੰਵਿੰਗ ਲਾਇਸੰਸ ਲਈ ਮੁਢਲਾ ਟੈਸਟ ਕੰਪਿਊਟਰ ਰਾਹੀਂ ਲੈਣ ਵਾਲਾ ਐਸ.ਏ.ਐਸ.ਨਗਰ ਬਣਿਆ ਪੰਜਾਬ ਦਾ ਪਹਿਲਾ ਜ਼ਿਲ੍ਹਾ : ਐਸ.ਐਸ.ਚੰਨੀ

By 1 2 1 News Reporter
Mohali 11th December:- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਾ ਪੰਜਾਬ ਦਾ ਪਹਿਲਾ
ਜ਼ਿਲ੍ਹਾ ਬਣ ਗਿਆ ਜਦੋਂ ਅੱਜ ਟਰਾਂਸਪੋਰਟ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ
ਐਸ.ਐਸ.ਚੰਨੀ ਵੱਲੋ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਦੇ ਦਫ਼ਤਰ ਵਿਖੇ ਵਿਦੇਸ਼ਾਂ ਦੀ ਤਰਜ ਤੇ
ਲਰਨਰ ਲਾਇਸੰਸ ਜਾਰੀ ਕਰਨ ਲਈ ਮੁੱਢਲਾ ਟੈਸਟ ਕੰਪਿਊਟਰ ਰਾਹੀਂ ਲੈਣ ਦੇ ਪ੍ਰੋਜੈਕਟ ਦਾ
ਰਸ਼ਮੀ ਉਦਘਾਟਨ ਕੀਤਾ ਗਿਆ।
ਐਸ.ਐਸ.ਚੰਨੀ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਸ.ਏ.ਐਸ.ਨਗਰ
ਜ਼ਿਲ੍ਹੇ ਵਿੱਚ ਇਸ ਪ੍ਰੋਜੈਕਟ ਨੂੰ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਹੈ ਅਤੇ
ਇਸ ਤੋਂ ਉਪਰੰਤ ਪੰਜਾਬ ਦੇ ਸਾਰੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰਾਂ ਦੇ ਦਫ਼ਤਰਾਂ ਵਿੱਚ
ਅਜਿਹਾ ਪ੍ਰਬੰਧ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਪਹਿਲਾਂ ਲਰਨਰ
ਡਰਾਇਵਿੰਗ ਲਾਇਸੰਸ ਜਾਰੀ ਕਰਨ ਤੋਂ ਪਹਿਲਾਂ ਲਾਇਸੈਂਸਿੰਗ ਅਥਾਰਟੀ ਵੱਲੋਂ ਮੈਨੂਅਲ
ਟੈਸਟ ਲਿਆ ਜਾਂਦਾ ਸੀ ਅਤੇ ਹੁਣ ਮੁੱਢਲਾ ਟੈਸਟ ਕੰਪਿਊਟਰ ਰਾਹੀਂ ਲੈਣ ਦਾ ਫੈਸਲਾ ਕੀਤਾ
ਹੈ। ਉਹਨਾਂ ਦੱਸਿਆ ਕਿ ਲਾਇਸੈਂਸਿੰਗ ਅਥਾਰਟੀ ਕੋਲ ਬਿਨੈ ਕਾਰਾਂ ਦੀ ਗਿਣਤੀ ਵਧਣ ਕਾਰਨ
ਇਹ ਟੈਸਟ ਮੁਕੰਮਲ ਤੌਰ ਤੇ ਲਾਇਸੈਂਸਿੰਗ ਅਥਾਰਟੀ ਵੱਲੋਂ ਲੈਣਾਂ ਅਸੰਭਵ ਹੋ ਰਿਹਾ ਸੀ
ਜਿਸ ਕਾਰਨ ਕਈ ਵਾਰੀ ਅਜਿਹੇ ਵਿਅਕਤੀ ਲਰਨਰ ਲਾਇਸੰਸ ਪ੍ਰਾਪਤ ਕਰਨ ਵਿੱਚ ਸਮਰੱਥ ਹੋ
ਜਾਂਦੇ ਸਨ ਜੋ ਕਿ ਪੂਰੀ ਤਰ੍ਹਾਂ ਟਰੈਫਿਕ ਚਿੰਨ੍ਹਾ ਦੀ ਪਹਿਚਾਣ ਵੀ ਨਹੀਂ ਕਰ ਸਕਦੇ ਸਨ
ਅਤੇ ਉਹਨਾਂ ਨੂੰ ਟਰੈਫਿਕ ਰੂਲਾਂ ਦਾ ਪੂਰਾ ਗਿਆਨ ਵੀ ਨਹੀਂ ਹੁੰਦਾ ਸੀ। ਅਜਿਹੇ ਵਿਅਕਤੀ
ਹਾਦਸਿਆਂ ਦਾ ਕਾਰਨ ਵੀ ਬਣ ਜਾਂਦੇ ਸਨ। ਪ੍ਰਮੁੱਖ ਸਕੱਤਰ ਐਸ.ਐਸ.ਚੰਨੀ ਨੇ ਦੱਸਿਆ ਕਿ
ਮੁੱਢਲਾ ਟੈਸਟ ਕੰਪਿਊਟਰ ਨਾਲ ਲੈਣ ਨਾਲ ਲਰਨਰ ਲਾਇਸੰਸ ਜਾਰੀ ਕਰਨ ਵਿੱਚ ਪਾਰਦਰਸ਼ਤਾ
ਆਵੇਗੀ ਅਤੇ ਯੋਗ ਵਿਅਕਤੀਆਂ ਨੂੰ ਹੀ ਲਰਨਰ ਲਾਇਸੰਸ ਜਾਰੀ ਹੋ ਸਕਣਗੇ। ਉਹਨਾਂ ਦੱਸਿਆ
ਕਿ ਕੰਪਿਊਟਰ ਰਾਹੀਂ ਪ੍ਰਾਰਥੀ ਨੂੰ ਆਬਜੈਕਟਿਵ ਟਾਇਪ ਪ੍ਰਸ਼ਨ ਦਿੱਤੇ ਜਾਣਗੇ ਅਤੇ ਜੋ
ਪ੍ਰਾਰਥੀ ਇਸ ਟੈਸਟ ਵਿੱਚ 60ਫ਼ੀ ਸਦੀ ਨੰਬਰ ਪ੍ਰਾਪਤ ਕਰੇਗਾ ਉਹੀਂ ਪਾਸ ਹੋ ਸਕੇਗਾ ਅਤੇ
ਪਾਸ ਕੀਤੇ ਵਿਅਕਤੀ ਨੂੰ ਹੀ ਲਰਨਰ ਲਾਇਸੰਸ ਜਾਰੀ ਕੀਤਾ ਜਾਵੇਗਾ। ਇਸ ਤਰ੍ਹਾਂ ਕੇਵਲ
ਯੋਗ ਵਿਅਕਤੀ ਜੋ ਕਿ ਟਰੈਫਿਕ ਨਿਯਮਾਂ ਦਾ ਪੂਰੀ ਤਰ੍ਹਾਂ ਗਿਆਨ ਰੱਖਦੇ ਹੋਣਗੇ ਉਹੀ
ਲਰਨਰ ਲਾਇਸੰਸ ਪ੍ਰਾਪਤ ਕਰ ਸਕਣਗੇ। ਉਹਨਾਂ ਦੱਸਿਆ ਕਿ ਜ਼ਿਲ੍ਹਾ ਟਰਾਂਸਪੋਰਟ ਦਫ਼ਤਰਾਂ
ਵਿੱਚ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਹਿੱਤ ਬੋਰਡ ਵੀ ਲਗਾਏ ਜਾਣਗੇ ਤਾਂ ਜੋ ਟੈਸਟ
ਦੇਣ ਤੋਂ ਪਹਿਲਾਂ ਪ੍ਰਾਰਥੀ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਹਾਸਲ ਕਰ ਸਕੇ। ਉਹਨਾਂ
ਦੱਸਿਆ ਕਿ ਟਰਾਂਸਪੋਰਟ ਵਿਭਾਗ ਵੱਲੋਂ ਇਸ ਕਦਮ ਦੇ ਚੁੱਕਣ ਨਾਲ ਨਾ ਕੇਵਲ ਸੜਕ ਹਾਦਸਿਆਂ
ਵਿੱਚ ਕਮੀ ਆਵੇਗੀ ਬਲਕਿ ਸਾਰਾ ਰਿਕਾਰਡ ਵੀ ਕੰਪਿਊਟਰਾਇਜਡ ਹੋਵੇਗਾ। ਪੱਤਰਕਾਰਾਂ ਵੱਲੋਂ
ਗੱਡੀਆਂ ਆਦਿ ਦੇ ਟੈਕਸ ਆਨਲਾਇਨ ਭਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ
ਕਿ ਆਨਲਾਇਨ ਸਿਸਟਮ ਪਹਿਲਾਂ ਹੀ ਚਾਲੂ ਕਰ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਹੁਣ
ਵਾਹਨ ਮਾਲਕਾਂ ਦੀ ਟੈਕਸ ਭਰਨ ਦੀ ਸਹੂਲਤ ਲਈ ਸਾਰੇ ਜ਼ਿਲ੍ਹਾ ਟਰਾਂਸਪੋਰਟ ਦਫ਼ਤਰਾਂ ਵਿੱਚ
ਹੈਲਪ ਡੈਸਕ ਖੋਲ੍ਹੇ ਜਾਣਗੇ ਤਾਂ ਜੋ ਕੋਈ ਵੀ ਵਿਅਕਤੀ ਆਪਣੀ ਗੱਡੀ ਦਾ ਟੈਕਸ ਅਸਾਨੀ
ਨਾਲ ਭਰਵਾ ਸਕੇ। ਪੱਤਰਕਾਰਾਂ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸਿਟੀ ਬੱਸ
ਸੇਵਾ ਸ਼ੁਰੂ ਕਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ
ਵੱਲੋਂ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿਖੇ ਸ਼ੁਰੂ ਕੀਤੀ ਗਈ ਸਿਟੀ ਬੱਸ ਸੇਵਾ ਬੜੀ
ਸਫ਼ਲਤਾ ਪੂਰਵਕ ਚੱਲ ਰਹੀ ਹੈ ਅਤੇ ਐਸ.ਏ.ਐਸ.ਨਗਰ ਵਿਖੇ ਵੀ ਸਿਟੀ ਬੱਸ ਸੇਵਾ ਸ਼ੁਰੂ ਕਰਨਾ
ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ। ਸ੍ਰੀ ਚੰਨੀ ਨੇ ਦੱਸਿਆ ਕਿ ਜਲਦੀ ਹੀ ਪੰਜਾਬ ਵਿੱਚ
ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ ਦੇ ਬੇੜੇ ਵਿੱਚ 500 ਨਵੀਂਆਂ ਬੱਸਾਂ ਪਾਈਆਂ
ਜਾਣਗੀਆਂ ਜਿਹਨਾਂ ਵਿੱਚ ਏ.ਸੀ. ਅਤੇ ਨਾਨ ਏ.ਸੀ. ਬੱਸਾਂ ਸ਼ਾਮਿਲ ਹੋਣਗੀਆਂ। ਉਹਨਾਂ
ਦੱਸਿਆ ਕਿ ਪੀ.ਆਰ.ਟੀ.ਸੀ. ਵਿੱਚ 200 ਅਤੇ ਰੋਡਵੇਜ ਵਿੱਚ 300 ਨਵੀਂਆਂ ਬੱਸਾਂ ਪਾਈਆਂ
ਜਾਣਗੀਆਂ। ਉਹਨਾਂ ਇਹ ਵੀ ਦੱਸਿਆ ਕਿ ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ ਵਿੱਚ
ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਨਵੀਂ ਭਰਤੀ ਕੀਤੀ ਜਾਵੇਗੀ।

No comments:

Post a Comment