By 1 2 1 News Reporter
Mohali 28th October: ------ ਪੰਜਾਬ ਸਰਕਾਰ ਰਾਜ ਵਿੱਚ ਉਚੇਰੀ ਸਿੱਖਿਆ ਨੂੰ ਬੜਾਵਾ ਦੇਣ ਦੇ ਨਾਲ-ਨਾਲ ਇਸ ਨੂੰ ਕਿੱਤਾ- ਮੁਖੀ ਬਣਾਉਣ ਤੇ ਜੋਰ ਦੇ ਰਹੀਂ ਹੈ ਅਤੇ ਰਾਜ ਵਿੱਚ ਹਰੇਕ ਵਿਧਾਨ ਸਭਾ ਹਲਕੇ ਵਿੱਚ ਇੱਕ-ਇੱਕ ਸਰਕਾਰੀ ਕਾਲਜ ਖੋਲਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖਿਆ ਮੰਤਰੀ ਪੰਜਾਬ ਸ੍ਰ: ਸਿਕੰਦਰ ਸਿੰਘ ਮਲੂਕਾ ਨੇ ਸਰਕਾਰੀ ਕਾਲਜ ਮੋਹਾਲੀ ਵਿਖੇ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ (ਰੁਸਾ) ਤੇ ਕਰਵਾਏ ਗਏ ਇੱਕ ਰੋਜ਼ਾ ਰਾਜ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ।
ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ 50 ਸਰਕਾਰੀ ਕਾਲਜ ਹਨ ਜਿਨ੍ਹਾਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਜਾਵੇਗਾ ਤਾਂ ਜੋ ਖਾਸ ਕਰਕੇ ਪਿੰਡਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਉਚੇਰੀ ਵਿਦਿਆ ਹਾਸਲ ਕਰਨ ਲਈ ਦੂਰ-ਦੁਰਾਡੇ ਨਾ ਜਾਣਾ ਪਵੇ। ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਸਰਕਾਰ ਨੇ ਸਰਕਾਰੀ ਕਾਲਜਾਂ ਦੇ ਬੁਨਿਆਦੀ ਢਾਂਚੇ ਲਈ 50 ਕਰੋੜ ਰੁਪਏ ਦੀ ਰਾਸੀ ਜਾਰੀ ਕੀਤੀ ਹੈ ਅਤੇ 100 ਕਰੋੜ ਰੁਪਏ ਦੀ ਰਾਸੀ ਹੋਰ ਜਾਰੀ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਸਮੂਹ ਪ੍ਰਿੰਸੀਪਲਾਂ ਨੂੰ ਆਖਿਆ ਕਿ ਉਹ ਆਪੋ ਆਪਣੇ ਕਾਲਜਾਂ ਵਿੱਚ ਸਫ਼ਾਈ, ਵਾਤਾਵਰਣ ਦੀ ਸੱਵਛਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਕਾਲਜਾਂ ਦੀਆਂ ਇਮਾਰਤਾਂ ਦੀ ਰੱਖ ਰਖਾਓ ਲਈ ਵਿਸ਼ੇਸ ਤਵਜੋ ਦੇਣ ਅਤੇ ਕਾਲਜਾਂ ਵਿੱਚ ਅਨੁਸਾਸ਼ਨ ਨੂੰ ਵੀ ਪੂਰੀ ਤਰ੍ਹਾਂ ਕਾਇਮ ਰੱਖਕੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਤੇ ਜੋਰ ਦਿੱਤਾ ਜਾਵੇ ਤਾਂ ਜੋ ਬੱਚੇ ਸਮੇਂ ਦੇ ਹਾਣੀ ਬਣ ਕੇ ਚੁਣੋਤੀਆਂ ਦਾ ਟਾਕਰਾ ਕਰ ਸਕਣ। ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਕਾਲਜਾਂ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਕਿ ਕਾਲਜਾਂ ਵਿੱਚ ਜਾ ਕੇ ਕਾਲਜਾਂ ਦਾ ਨਿਰੀਖਣ ਕਰੇਗੀ । ਕਮੇਟੀ ਦੀ ਰਿਪੋਰਟ ਮੁਤਾਬਕ ਹਰੇਕ ਖੇਤਰ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਨਗਦ ਰਾਸੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਪ੍ਰਿੰਸੀਪਲਾਂ ਨੂੰ ਜੋਰ ਦੇ ਕੇ ਆਖਿਆ ਕਿ ਕਾਲਜਾਂ ਨੂੰ ਬਿਹਤਰ ਬਣਾਉਣਾ ਉਨ੍ਹਾਂ ਦੀ ਮੁਢਲੀ ਜਿੰਮੇਵਾਰੀ ਬਣਦੀ ਹੈ, ਜਿਸ ਲਈ ਸਮੁੱਚੇ ਸਟਾਫ ਨੂੰ ਪੁਰੀ ਦਿਆਨਤਦਾਰੀ ਨਾਲ ਕੰਮ ਕਰਨਾ ਪਵੇਗਾ। ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ (ਰੁਸਾ) ਸਰਕਾਰ ਦਾ ਇੱਕ ਵਧੀਆ ਕਦਮ ਹੈ । ਇਸ ਮਿਸ਼ਨ ਤਹਿਤ ਉਚੇਰੀ ਸਿੱਖਿਆ ਲਈ ਮਿਲਣ ਵਾਲੀ ਗਰਾਂਟ ਵਿੱਚ ਕੇਂਦਰ 65ਫੀ ਸਦੀ ਅਤੇ ਰਾਜ ਸਰਕਾਰ 35ਫੀ ਸਦੀ ਯੋਗਦਾਨ ਪਾਵੇਗੀ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਚੇਰੀ ਵਿਦਿਆ ਦੇ ਪਸਾਰ ਲਈ ਵਿਸ਼ੇਸ ਕਦਮ ਪੁੱਟੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਆਪਣੇ ਕਾਲਜਾਂ ਵਿੱਚ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ ਨੂੰ ਪੁਰੀ ਸੁਹਿਰਦਤਾ ਨਾਲ ਲਾਗੂ ਕਰੇਗੀ ਅਤੇ ਇਸ ਮਿਸ਼ਨ ਲਈ ਸਾਰੇ ਟੀਚੇ ਪੁਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰੁਸਾ ਉਚੇਰੀ ਵਿਦਿਆ ਦੇ ਬੜਾਵੇ ਲਈ ਇੱਕ ਬਹੁਤ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਾਜ ਵਿੱਚ ਪਛੜੇ ਵਰਗ ਦਾ ਸੋਸ਼ਣ ਅਤੇ ਔਰਤਾਂ ਨਾਲ ਹੋ ਰਹੇ ਵਿਤਕਰੇ ਨੂੰ ਰੋਕਣਾ ਹੈ ਤਾਂ ਸਾਨੂੰ ਪਛੜੇ ਇਲਾਕਿਆਂ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਾ ਪਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾ ਸੂਬਾ ਹੈ ਕਿ ਜਿਸ ਨੇ ਰੁਸਾ ਨੂੰ ਆਪਣਾਉਣ ਲਈ ਵੱਡੀ ਪੱਧਰ ਤੇ ਉਪਰਾਲੇ ਆਰੰਭ ਕੀਤੇ ਹਨ। ਉਨ੍ਹਾਂ ਇਸ ਮੌਕੇ ਜੁੜੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਆਖਿਆ ਕਿ ਉਹ ਰੁਸਾ ਦੇ ਟੀਚਿਆਂ ਲਈ ਪੁਰੀ ਇਮਾਨਦਾਰੀ ਨਾਲ ਕੰਮ ਕਰਨ ਤਾਂ ਜੋ ਕਾਲਜਾਂ ਦੀ ਕਾਇਆ ਕਲਪ ਹੋ ਸਕੇ।
No comments:
Post a Comment