Sunday, 12 October 2025

ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਖੁੱਡਾ ਅਲੀਸ਼ੇਰ ਅਤੇ ਬਹਿਲਾਣਾ ਪਿੰਡ ਵਿੱਚ ਮੀਟਿੰਗਾਂ

By 121 News
Chandigarh, Oct.12, 2025:-ਚੰਡੀਗੜ੍ਹ ਪੰਜਾਬੀ ਮੰਚ ਵੱਲੋਂ 1 ਨਵੰਬਰ ਨੂੰ ਕੱਢੇ ਜਾਣ ਵਾਲੇ ਪੈਦਲ ਰੋਸ ਮਾਰਚ ਲਈ ਪਿੰਡ ਖੁੱਡਾ ਅਲੀਸ਼ੇਰ ਅਤੇ ਪਿੰਡ ਬਹਿਲਾਣਾ ਦੇ ਗੁਰਦੁਆਰਾ ਸਾਹਿਬਾਨ ਵਿਖੇ ਮੀਟਿੰਗਾਂ ਕੀਤੀਆਂ ਗਈਆਂ। ਪਿੰਡ ਖੁੱਡਾ ਅਲੀਸ਼ੇਰ ਵਿਖੇ ਸਰਪ੍ਰਸਤ ਬਾਬਾ ਗੁਰਦਿਆਲ ਸਿੰਘ ਅਤੇ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਦੀ ਦੇਖਰੇਖ ਹੇਠ ਹੋਈ ਜਿਸ ਵਿੱਚ ਨਾਥ ਸਿੰਘ ਨੰਬਰਦਾਰ, ਗੁਰਚਰਨ ਸਿੰਘ ਸਾਬਕਾ ਪੰਚ, ਗਿਆਨੀ ਖੁਸ਼ਹਾਲ ਸਿੰਘ, ਭਵਤਰਨ ਸਿੰਘ ਜਨਰਲ ਸਕੱਤਰ ਯੂਥ ਕਲੱਬ ਖੁੱਡਾ ਅਲੀਸ਼ੇਰ ਆਦਿ ਨੇ ਮੰਚ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਖੁੱੱਡਾ ਅਲੀਸ਼ੇਰ ਤੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੈਦਲ ਰੋਸ ਮਾਰਚ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ। ਮੀਟਿੰਗ ਵਿੱਚ ਕਾਮਰੇਡ ਦੇਵੀ ਦਿਆਲ ਸ਼ਰਮਾ ਨੇ ਪਿੰਡ ਵਾਸੀਆਂ ਦੇ ਆਪਣੀ ਮਾਂ ਬੋਲੀ ਪ੍ਰਤੀ ਇੰਨੇ ਉਤਸ਼ਾਹ ਦੀ ਸ਼ਲਾਘਾ ਕੀਤੀ।
ਪਿੰਡ ਬਹਿਲਾਣਾ ਵਿਖੇ ਹੋਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ ਹੱਲੋਮਾਜਰਾ, ਜਨਰਲ ਸਕੱਤਰ ਕਾਮਰੇਡ ਦੇਵੀ ਦਿਆਲ ਸ਼ਰਮਾ, ਕੈਸ਼ੀਅਰ ਸ਼ਰਨਜੀਤ ਸਿੰਘ ਬੈਦਵਾਨ ਰਾਏਪੁਰ ਕਲਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਪਿੰਡ ਵਾਸੀਆਂ ਨੂੰ ਪੈਦਲ ਰੋਸ ਮਾਰਚ ਵਿੱਚ ਸ਼ਾਮਿਲ ਹੋਣ ਲਈ ਅਪੀਲ ਕੀਤੀ।
ਮੰਚ ਦੇ ਅਹੁਦੇਦਾਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੂ.ਟੀ. ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਦਰਜਾ ਦਿਵਾਉਣ ਲਈ ਮੰਚ ਵੱਲੋਂ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਲਗਾਤਾਰ ਸੰਘਰਸ਼ ਕੀਤੇ ਜਾ ਰਹੇ ਹਨ। ਵਾਰ-ਵਾਰ ਰੋਸ ਮਾਰਚ ਕੱਢ ਕੇ ਜਾਂ ਧਰਨੇ ਆਦਿ ਦੇ ਕੇ ਪ੍ਰਸ਼ਾਸਨ ਦੇ  ਉੱਚ ਅਧਿਕਾਰੀਆਂ ਸਮੇਤ ਪੰਜਾਬ ਦੇ ਰਾਜਪਾਲ ਜਿਹੜੇ ਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਹਨ, ਤੱਕ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਦੀ ਅਵਾਜ਼ ਪਹੁੰਚਾਈ ਜਾਂਦੀ ਹੈ ਪ੍ਰੰਤੂ ਪ੍ਰਸ਼ਾਸਨ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਇੱਥੋਂ ਤੱਕ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੰਚ ਵੱਲੋਂ ਸੈਕਟਰ 17 ਵਿਖੇ ਪੁਲ਼ ਹੇਠਾਂ ਧਰਨਾ ਦੇ ਕੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਬੁਲਾਇਆ ਗਿਆ ਸੀ ਅਤੇ ਉਨ੍ਹਾਂ ਤੋਂ ਵਾਅਦਾ ਵੀ ਲਿਆ ਗਿਆ ਸੀ ਕਿ ਜਿਹੜੀ ਵੀ ਪਾਰਟੀ ਦਾ ਉਮੀਦਵਾਰ ਚੋਣ ਜਿੱਤੇਗਾ, ਉਹ ਪਾਰਟੀ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਦਰਜਾ ਦਿਵਾਏਗੀ। ਰਾਜਨੀਤਕ ਆਗੂ ਆਪਣਾ ਉਹ ਵਾਅਦਾ ਵੀ ਨਹੀਂ ਨਿਭਾ ਰਹੇ ਜਿਸ ਦਾ ਮੰਚ ਨੂੰ ਬੇਹੱਦ ਅਫ਼ਸੋਸ ਵੀ ਹੈ।
ਉਨ੍ਹਾਂ ਕਿਹਾ ਕਿ 1 ਨਵੰਬਰ 1966 ਤੋਂ ਪਹਿਲਾਂ ਚੰਡੀਗੜ੍ਹ ਵਿੱਚ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਪੰਜਾਬੀ ਸੀ ਪ੍ਰੰਤੂ 1 ਨਵੰਬਰ ਤੋਂ ਇੱਥੇ ਅੰਗਰੇਜ਼ੀ ਭਾਸ਼ਾ ਥੋਪ ਦਿੱਤੀ ਗਈ। ਚੰਡੀਗੜ੍ਹ ਪ੍ਰਸ਼ਾਸਨ ਦੇ ਪੰਜਾਬੀ ਭਾਸ਼ਾ ਪ੍ਰਤੀ ਇਸ ਅੜੀਅਲ ਰਵੱਈਏ ਨੂੰ ਖ਼ਤਮ ਕਰਨ ਵਾਸਤੇ ਮੰਚ ਵੱਲੋਂ ਆਪਣੇ ਸੰਘਰਸ਼ ਨੂੰ ਲਗਾਤਾਰ ਅੱਗੇ ਤੋਰਿਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਹੁਣ 1 ਨਵੰਬਰ ਨੂੰ ਪੈਦਲ ਰੋਸ ਮਾਰਚ ਕੱਢਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਰੋਸ ਮਾਰਚ ਵਿੱਚ ਲੋਕਾਂ ਦੀ ਲਾਮਬੰਦੀ ਵਾਸਤੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ 1 ਨਵੰਬਰ ਨੂੰ ਕੱਢਿਆ ਜਾਣ ਵਾਲਾ ਇਹ ਪੈਦਲ ਰੋਸ ਮਾਰਚ ਸੈਕਟਰ 30 ਸਥਿਤ ਮੱਖਣ ਸ਼ਾਹ ਲੁਬਾਣਾ ਭਵਨ ਤੋਂ ਸ਼ੁਰੂ ਹੋ ਕੇ ਵੱਖਲੂ-ਵੱਖ ਖੇਤਰਾਂ ਵਿੱਚੋਂ ਦੀ ਹੁੰਦਾ ਹੋਇਆ ਸੈਕਟਰ 22 ਸਥਿਤ ਗੁਰਦੁਆਰਾ ਸਾਹਿਬ ਜਾ ਕੇ ਸਮਾਪਤ ਹੋਵੇਗਾ।

No comments:

Post a Comment