Monday 3 February 2014

ਬਲੌਂਗੀ 'ਚ ਲੀਕਏਜ਼ ਠੀਕ ਕਰਵਾਉਣ ਅਤੇ ਪਾਣੀ ਦੀਆਂ ਪਾਇਪ ਲਾਇਨਾਂ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ਤੇ ਕੀਤਾ ਸ਼ੁਰੂ: ਪੰਧੇਰ

By 121 News Reporter

Mohali 03rd February:-- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇੜੇ ਪੈਂਦੇ ਪਿੰਡ ਬਲੌਂਗੀ ਜਿੱਥੇ ਕਿ ਪੀਲੀਏ ਅਤੇ ਡਾਇਰੀਏ ਦੇ ਕੇਸ ਸਾਹਮਣੇ ਆਏ ਹਨ ਪਿੰਡ ਵਿੱਚ ਪੇਂਡੂ ਵਿਕਾਸ ਵਿਭਾਗ ਦੇ ਪੰਚਾਇਤੀ ਰਾਜ ਵਿੰਗ ਵੱਲੋਂ ਸੀਵਰੇਜ ਪਾਇਆ ਜਾ ਰਿਹਾ ਹੈ ਪਾਣੀ ਦੀ ਪਾਇਪ ਲਾਇਨ ਟੁੱਟਣ ਕਾਰਨ ਗੰਦਾ ਪਾਣੀ ਵਾਟਰ ਸਪਲਾਈ ਦੀ ਪਾਇਪ ਲਾਇਨ ਵਿੱਚ ਦਾਖਲ ਹੋ ਗਿਆ ਸੀ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ: 3 ਐਸ..ਐਸ.ਨਗਰ  ਸੁਖਮਿੰਦਰ ਸਿੰਘ ਪੰਧੇਰ ਨੇ ਦੱਸਿਆ ਕਿ ਵਿਭਾਗ ਵੱਲੋਂ ਪਿੰਡ ਬਲੌਂਗੀ ਦੀ ਪੀਣ ਵਾਲੇ ਪਾਣੀ ਦੀ ਜਲ ਸਪਲਾਈ ਸਕੀਮ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਬਲੌਂਗੀ ਦੇ ਸਪੁਰਦ ਹੈ ਜਿਸ ਨੂੰ ਕਿ ਕਮੇਟੀ ਚਲਾ ਰਹੀ ਹੈ ਅਤੇ ਸ਼ੁੱਧ ਪੀਣ ਵਾਲੇ ਪਾਣੀ ਦੀ ਜਿਮੇਵਾਰੀ ਵੀ ਜਲ ਸਪਲਾਈ  ਅਤੇ ਸ਼ੈਨੀਟੇਸ਼ਨ ਕਮੇਟੀ ਦੀ ਬਣਦੀ ਹੈ ਪ੍ਰੰਤੂ ਫਿਰ ਵੀ ਲੋਕ ਹਿੱਤ ਵਿੱਚ ਅਤੇ ਖਪਤਕਾਰਾਂ ਦੀ ਸਿਹਤ ਦੀ ਅਹਿਮਅਤ ਨੂੰ ਮੁੱਖ ਰੱਖਦੇ ਹੋਏ ਜਲ ਸਪਲਾਈ ਅਤੇ ਸ਼ੈਨੀਟੇਸ਼ਨ ਵਿਭਾਗ ਵੱਲੋਂ ਖਪਤਕਾਰਾਂ ਲਈ ਸੁੱਧ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਲਈ  ਸਿਰਤੋੜ ਕੋਸ਼ਿਸਾਂ ਜਾਰੀ ਹਨ ਅਤੇ ਨਾਜ਼ੁਕ ਇਲਾਕਿਆਂ ਵਿੱਚ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ।

ਸੁਖਮਿੰਦਰ ਸਿੰਘ ਪੰਧੇਰ ਨੇ ਦੱਸਿਆ ਕਿ ਜੇਕਰ ਸੀਵਰੇਜ ਪੈਣ ਕਾਰਨ ਜਿੱਥੇ ਵੀ ਜਲ ਸਪਲਾਈ ਦੀ ਲਾਇਨ ਟੁੱਟਦੀ ਹੈ ਤਾਂ ਉਸਨੂੰ ਮੁਰੰਮਤ ਕਰਕੇ ਠੀਕ ਕਰਨ ਦੀ ਜਿੰਮੇਵਾਰੀ ਪੰਚਾਇਤੀ ਰਾਜ ਅਤੇ ਚੇਅਰਮੈਨ ਜੀ.ਪੀ. ਡਬਲਿਊ ਐਸ ਸੀ ਬਲੌਂਗੀ ਦੀ ਬਣਦੀ ਹੈ। ਉਹਨਾਂ ਦੱਸਿਆ ਕਿ ਜਲ ਸਪਲਾਈ ਅਤੇ ਸ਼ੈਨੀਟੇਸ਼ਨ ਵਿਭਾਗ ਵੱਲੋਂ ਲੀਕੇਜ਼ ਨੂੰ ਠੀਕ ਕਰਵਾਇਆ ਜਾ ਰਿਹਾ ਹੈ ਅਤੇ ਪਾਣੀ ਦੀਆਂ ਪਾਇਪਾਂ ਦੀ ਸਫ਼ਾਈ ਦਾ ਕੰਮ ਵੀ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਾਰੇ ਟਿਊਬਵੈਲਾਂ ਤੇ ਕਲੋਰੀਨੇਟਰ ਲੱਗੇ ਹੋਏ ਹਨ ਅਤੇ ਲੋਕਾਂ ਨੂੰ ਨਿਰੰਤਰ ਕਲੋਰੀਨੇਟਰ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਸੁਖਮਿੰਦਰ ਸਿੰਘ ਪੰਧੇਰ ਨੇ ਦੱਸਿਆ ਕਿ ਪਿੰਡ ਦੇ ਵੱਖ ਵੱਖ ਥਾਵਾਂ ਤੇ ਬਹੁਤ ਸਾਰੇ ਹੈਂਡ ਪੰਪ ਵੀ ਲੱਗੇ ਹੋਏ ਹਨ। ਜਿਹਨਾਂ ਦਾ ਪਾਣੀ ਪੀਣਯੋਗ ਨਹੀਂ ਹੈ। ਉਹਨਾਂ ਦੱਸਿਆ ਕਿ ਡਾਇਰੀਏ ਦੇ ਕੇਸ ਕਿਸੇ ਇੱਕ ਖਾਸ ਇਲਾਕੇ ਨਾਲ ਸਬੰਧਿਤ ਨਹੀਂ ਹਨ। ਉਹਨਾਂ ਲੋਕਾਂ ਨੂੰ ਪੀਣ ਵਾਲਾ ਪਾਣੀ ਉਬਾਲ ਕੇ ਪੀਣ ਦੀ ਅਪੀਲ ਵੀ ਕੀਤੀ।

 

No comments:

Post a Comment