By 1 2 1 News Reporter
Mohali 04th October:----- ਪੰਜਾਬ ਵਿੱਚ ਕਿਸਾਨਾਂ ਨੂੰ ਰਵਾਇਤੀ ਫਸਲਾਂ ਕਣਕ, ਝੋਨਾ ਜੋ ਕਿ ਹੁਣ ਲਾਹੇਵੰਦ ਨਹੀਂ ਰਹੀਆਂ ਦੀ ਬਜਾਏ ਲਾਹੇਵੰਦ ਫਸਲਾਂ ਦੀ ਕਾਸਤ ਕਰਨ ਲਈ ਰਾਜ ਵਿੱਚ ਆਰੰਭੇ ਗਏ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ 224 ਕਰੋੜ 50 ਲੱਖ ਰੁਪਏ ਖਰਚ ਕੀਤੇ ਜਾਣਗੇ ਜਿਸ ਦੀ ਪਹਿਲੀ ਕਿਸਤ 112 ਕਰੋੜ 25 ਲੱਖ ਰੁਪਏ ਜਾਰੀ ਹੋ ਚੁੱਕੀ ਹੈ। ਇਸ ਗੱਲ ਦੀ ਜਾਣਕਾਰੀ ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਮੰਗਲ ਸਿੰਘ ਸੰਧੂ ਨੇ ਕਮਿਉਨਿਟੀ ਸੈਂਟਰ ਸੈਕਟਰ-70 ਐਸ.ਏ.ਐਸ.ਨਗਰ ਵਿਖੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਦੀ ਤਕਨੀਕੀ ਅਤੇ ਸਹਾਇਕ ਧੰਦਿਆਂ ਦੀ ਜਾਣਕਾਰੀ ਦੇਣ ਲਈ ਲਗਾਏ ਗਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਤੇ ਅਧਾਰਤ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।
ਡਾ. ਮੰਗਲ ਸਿੰਘ ਸੰਧੂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਪੰਜਾਬ ਰਾਜ ਵਿੱਚ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਲਿਆਉਣ ਲਈ ਹੇਠਲੇ ਪੱਧਰ ਤੇ ਜਾਗਰੂਕ ਕਰਨ ਲਈ ਕਿਸਾਨ ਸਿਖਲਾਈ ਕੈਂਪਾਂ ਦਾ ਵੀ ਆਯੋਜਨ ਕਰ ਰਿਹਾ ਹੈ। ਜਿਸ ਦੌਰਾਨ ਖੇਤੀਬਾੜੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਫਸਲੀ ਵਿਭਿੰਨਤਾ ਪ੍ਰੋਗਰਾਮ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਇਸ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੱਕੀ ਦਾ ਹਾਈਬ੍ਰਿਡ ਬੀਜ 75ਫੀ ਸਦੀ ਸਬਸਿਡੀ ਤੇ ਵੰਡਿਆਂ ਗਿਆ ਸੀ ਜਿਸ ਨਾਲ ਰਾਜ ਵਿੱਚ ਮੱਕੀ ਹੇਠ ਰਕਬਾ ਵਧਿਆ ਹੈ ਅਤੇ ਇਹ ਫਸਲ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਈ ਹੈ। ਉਨ੍ਹਾਂ ਹੋਰ ਦੱਸਿਆ ਕਿ ਰਾਜ ਵਿੱਚ ਇਸ ਸੀਜ਼ਨ ਦੌਰਾਨ ਬਾਸਮਤੀ, ਕਪਾਹ ਅਤੇ ਗੰਨੇ ਹੇਠ ਵੀ ਰਕਬਾ ਵਧਿਆ ਹੈ। ਡਾ. ਸੰਧੂ ਨੇ ਦੱਸਿਆ ਕਿ ਫਸਲੀ ਵਿਭਿੰਨਤਾ ਤਹਿਤ ਜਿਥੇ ਕਿਸਾਨਾਂ ਨੂੰ ਬੀਜਾਂ ਆਦਿ ਤੇ ਸਬਸਿਡੀ ਦਿੱਤੀ ਜਾਂਦੀ ਹੈ ਉਥੇ ਖੇਤੀਬਾੜੀ ਮਸ਼ੀਨਰੀ ਤੇ ਵੀ 50ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਨੇ ਦੱਸਿਆ ਕਿ ਇਸ ਹਾੜੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਣਕ ਦੀਆਂ ਨਵੀਆਂ ਕਿਸਮਾਂ ਦੇ ਬੀਜਾਂ ਤੇ 500/- ਰੁਪਏ ਫੀ ਕੁਇੰਟਲ ਸਬਸਿਡੀ ਦਿੱਤੀ ਜਾਵੇਗੀ । ਇਹ ਬੀਜ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਪੱਧਰੀ, ਬਲਾਕ ਪੱਧਰੀ, ਦਫ਼ਤਰਾਂ ਤੋਂ ਇਲਾਵਾ ਮਾਰਕਫੈੱਡ ਅਤੇ ਸਹਿਕਾਰੀ ਸਭਾਵਾਂ ਵਿਚ ਉੱਪਲਬਧ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਦੌਰਾਨ ਕਿਸਾਨਾਂ ਨੂੰ ਡੀ.ਏ.ਪੀ ਅਤੇ ਯੂਰੀਆਂ ਖਾਦ ਆਦਿ ਦੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ । ਜਿਸ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਪੱਤਰਕਾਰਾਂ ਵੱਲੋਂ ਪਿਛਲੇ ਦਿਨੀ ਬਰਸਾਤ ਅਤੇ ਝੱਖੜ ਕਾਰਨ ਰਾਜ ਵਿੱਚ ਝੋਨੇ ਦੀ ਫਸਲ ਨੂੰ ਪੁੱਜੇ ਨੁਕਸਾਨ ਦੇ ਮੁਆਵਜੇ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਿਥੇ ਨੁਕਸਾਨ ਹੋਇਆ ਹੈ ਪੰਜਾਬ ਸਰਕਾਰ ਨੇ ਉਥੇ ਸਪੈਸ਼ਲ ਗਿਰਦਾਵਰੀ ਦੇ ਹੁਕਮ ਦਿੱਤੇ ਹਨ ਤਾਂ ਜੋ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾ ਸਕੇ। ਇਸ ਤੋਂ ਇਲਾਵਾ ਭਾਰਤ ਸਰਕਾਰ ਨਾਲ ਵੀ ਗੱਲਬਾਤ ਕੀਤੀ ਜਾ ਰਹੀਂ ਹੈ ਤਾਂ ਜੋ ਮੰਡੀਆਂ 'ਚ ਖਰੀਦ ਕੀਤੇ ਜਾਣ ਵਾਲੇ ਝੋਨੇ ਦੀਆਂ ਸ਼ਰਤਾਂ ਨਰਮ ਕੀਤੀਆਂ ਜਾਣ। ਉਨ੍ਹਾਂ ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੇ ਕਿਸਾਨ ਅਤੇ ਕਿਸਾਨ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਫਸਲੀ ਵਿਭਿੰਨਤਾ ਅਪਣਾਉਣ ਵਿੱਚ ਅਪਣੇ ਆਪ ਨੂੰ ਤਿਆਰ ਕਰਨ ਤਾਂ ਜੋ ਫਸਲੀ ਵਿਭਿੰਨਤਾ ਪ੍ਰੋਗਰਾਮ 100ਫੀ ਸਦੀ ਸਫ਼ਲ ਹੋ ਸਕੇ। ਉਨ੍ਹਾਂ ਕਿਸਾਨਾਂ ਨੂੰ ਹਾੜੀ ਦੇ ਸੀਜ਼ਨ ਦੌਰਾਨ ਖੇਤੀਬਾੜੀ ਵਿਭਾਗ ਪੰਜਾਬ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਸ਼ਿਫਾਰਿਸ ਕੀਤੇ ਸੁਧਰੇ ਬੀਜਾਂ ਰਾਹੀਂ ਕਣਕ ਦੀ ਬਿਜਾਈ ਕਰਨ ਲਈ ਆਖਿਆ।
ਕਿਸਾਨ ਸਿਖਲਾਈ ਕੈਂਪ ਨੂੰ ਸੰਬੋਧਨ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਨਵੀਆਂ ਤਕਨੀਕਾਂ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਲ, ਫੁੱਲਾਂ, ਸਬਜੀਆਂ ਦੇ ਨਾਲ-ਨਾਲ ਸਹਾਇਕ ਧੰਦਿਆਂ ਵੱਲ ਵੀ ਤਵਜੋ ਦੇਣੀ ਚਾਹੀਦੀ ਹੈ ਜਿਸ ਨਾਲ ਕਿਸਾਨਾਂ ਨੂੰ ਚੌਖੀ ਆਮਦਨ ਹੁੰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਆਪਣੀ ਆਮਦਨ ਲਈ ਅਤੇ ਵਾਤਾਵਰਣ ਦੀ ਸਵੱਛਤਾ ਲਈ ਆਪਣੇ ਖੇਤਾਂ ਦੀਆਂ ਵੱਟਾਂ ਤੇ ਪਾਪੂਲਰ ਅਤੇ ਸਫੈਦੇ ਵਰਗੇ ਰੁੱਖ ਲਗਾਉਣ ਲਈ ਆਖਿਆ ਅਤੇ ਕਿਸਾਨਾਂ ਨੂੰ ਇਹ ਰੁੱਖ ਲਗਾਉਣ ਲਈ ਬੁਟੇ ਜੰਗਲਾਤ ਵਿਭਾਗ ਵੱਲੋਂ ਮੁਫ਼ਤ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਜੰਗਲਾਤ ਵਿਭਾਗ ਵੱਲੋਂ ਕਿਸਾਨਾਂ ਨੂੰ ਮੁਫ਼ਤ ਬੂਟੇ ਵੀ ਵੰਡੇ। ਉਨ੍ਹਾਂ ਇਸ ਮੌਕੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਜ਼ਿਲ੍ਹੇ ਦੇ ਅੱਠ ਕਿਸਾਨਾਂ ਨੂੰ 48 ਹਜ਼ਾਰ ਰੁਪਏ ਅਵਾਰਡ ਵਜੋਂ ਵੀ ਵੰਡੇ ਅਤੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ। ਉਨ੍ਹਾਂ ਕਿਸਾਨਾਂ ਦੀ ਮੰਗ ਤੇ ਨੀਲ ਗਾਵਾਂ, ਬਾਂਦਰਾਂ ਅਤੇ ਜੰਗਲੀ ਸੁਰਾਂ ਵੱਲੋ ਫਸਲਾਂ ਦੇ ਕੀਤੇ ਜਾਂਦੇ ਨੁਕਸਾਨ ਨੂੰ ਰੋਕਣ ਲਈ ਢੁੱਕਵੀ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ।
No comments:
Post a Comment