By 121 News Reporter
Mohali 02nd January:-- ਪ੍ਰੈੱਸ ਲੋਕਤੰਤਰ ਦਾ ਚੌਥਾ ਥੰਮ ਹੈ। ਬਦਲ ਰਹੀਆਂ ਪ੍ਰਸਥਿਤੀਆਂ ਦੇ ਮੱਦੇਨਜ਼ਰ ਅਜੌਕੇ ਯੁੱਗ ਵਿੱਚ ਪ੍ਰੈੱਸ ਦਾ ਰੋਲ ਬਹੁਤ ਮੱਹਤਵਪੂਰਨ ਬਣ ਗਿਆ ਹੈ ਜੇਕਰ ਪ੍ਰੈੱਸ, ਪੁਲਿਸ ਅਤੇ ਪ੍ਰਸਾਸ਼ਨ ਆਪਸ ਵਿੱਚ ਮਿਲ ਕੇ ਕੰਮ ਕਰਨ ਤਾਂ ਇਸ ਦਾ ਫਾਇਦਾ ਆਮ ਲੋਕਾਂ ਨੂੰ ਹੁੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਮੋਹਾਲੀ ਪ੍ਰੈਸ ਕਲੱਬ ਵੱਲੋਂ ਪ੍ਰੈੱਸ ਕਲੱਬ ਵਿਖੇ ਆਯੋਜਿਤ ਪ੍ਰੈੱਸ, ਪੁਲਿਸ, ਪ੍ਰਸਾਸ਼ਨ ਅਤੇ ਜਨ ਸੰਪਰਕ ਵਿਸ਼ੇ ਤੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਸਾਸ਼ਨ ਦੇ ਨਾਲ-ਨਾਲ ਪ੍ਰੈੱਸ ਨੂੰ ਵੀ ਅਪਣੀ ਜਿੰਮੇਵਾਰੀ ਬੜੇ ਹੀ ਸੁਚੇਤ ਹੋ ਕੇ ਨਿਭਾਉਣ ਦੀ ਲੋੜ ਹੈ ਕਿਉਂਕਿ ਪ੍ਰੈੱਸ ਨੇ ਸਰਕਾਰਾਂ ਅਤੇ ਪ੍ਰਸਾਸ਼ਨ ਵੱਲੋਂ ਕੀਤੇ ਜਾਂਦੇ ਚੰਗੇ ਅਤੇ ਮਾੜੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਹੈ ਅਤੇ ਲੋਕਾਂ ਦਾ ਅਖਬਾਰਾਂ ਵਿੱਚ ਪ੍ਰਕਾਸ਼ਤ ਖਬਰਾਂ ਵਿੱਚ ਅਤੁੱਟ ਵਿਸ਼ਵਾਸ਼ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੀਡੀਏ ਨੂੰ ਖਬਰਾਂ ਸਚਾਈ ਅਤੇ ਤੱਥਾਂ ਤੇ ਅਧਾਰਤ ਹੀ ਪ੍ਰਕਾਸਤ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰੈੱਸ ਅਤੇ ਪ੍ਰਸਾਸ਼ਨ ਵਿਚਕਾਰ ਰਾਬਤਾ ਵੀ ਪੁਰੀ ਤਰ੍ਹਾਂ ਹੋਣਾ ਚਾਹੀਦਾ ਹੈ ਕਿਉਂਕਿ ਪ੍ਰੈੱਸ ਕੋਲ ਕਈ ਵਾਰ ਅਜਿਹੀ ਜਰੂਰੀ ਸੂਚਨਾ ਹੁੰਦੀ ਹੈ ਜੋ ਪ੍ਰਸਾਸ਼ਨ ਕੋਲ ਨਹੀਂ ਹੁੰਦੀ ਜੇਕਰ ਪ੍ਰੈੱਸ ਵੱਲੋਂ ਮਿਲੀ ਸੂਚਨਾ ਤੇ ਕਾਰਵਾਈ ਹੋ ਜਾਵੇ ਤਾਂ ਉਸ ਦੇ ਬਹੁਤ ਹੀ ਸਾਰਥਕ ਨਤੀਜੇ ਨਿਕਲਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਪ੍ਰੈੱਸ ਕੋਲ ਕਿਸੇ ਕਿਸਮ ਦੀ ਅਗਾਉ ਸੂਚਨਾ ਹੁੰਦੀ ਹੈ ਤਾਂ ਉਹ ਪ੍ਰਸਾਸ਼ਨ ਦੇ ਜਰੂਰ ਧਿਆਨ ਵਿੱਚ ਲਿਆਂਦੀ ਤਾਂ ਜੋ ਉਸ ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਹੋਰ ਕਿਹਾ ਕਿ ਪ੍ਰੈੱਸ ਨੂੰ ਕਿਸੇ ਵੀ ਮੁੱਦੇ ਨੂੰ ਅਪਣੀ ਕੇਵਲ ਖਬਰ ਬਣਾਉਣ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ ਸਗੋਂ ਖਬਰ ਪ੍ਰਕਾਸ਼ਤ ਕਰਾਉਣ ਤੋਂ ਪਹਿਲਾ ਉਸ ਦਾ ਸਮਾਜ ਤੇ ਪੈਣ ਵਾਲੇ ਪ੍ਰਭਾਵ ਬਾਰੇ ਵੀ ਜਾਨਣਾ ਜਰੂਰੀ ਹੈ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਇੰਦਰ ਮੋਹਨ ਸਿੰਘ ਨੇ ਕਿਹਾ ਕਿ ਪੁਲਿਸ ਅਤੇ ਪ੍ਰਸਾਸ਼ਨ ਲੋਕਾਂ ਅੱਗੇ ਜਵਾਬ ਦੇਹ ਹੈ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਲੋਕ ਸੇਵਾ ਦੇ ਤੌਰ ਤੇ ਨਿਭਾਉਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਜੇਕਰ ਸਰਕਾਰੇ ਦਰਬਾਰੇ ਜਾਂ ਹੋਰਨਾਂ ਸਰਕਾਰੀ ਦਫ਼ਤਰਾਂ ਵਿੱਚ ਆਮ ਲੋਕਾਂ ਦੀ ਨਾ ਸੁਣੀ ਗਈ ਤਾਂ ਸਾਨੂੰ ਆਉਣ ਵਾਲੇ ਸਮੇਂ ਵਿੱਚ ਇਸ ਦੇ ਭਿਆਨਕ ਸਿੱਟੇ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਸਾਨੂੰ ਆਮ ਲੋਕਾਂ ਦੀ ਸੁਣਵਾਈ ਪਹਿਲ ਦੇ ਅਧਾਰ ਤੇ ਕਰਨੀ ਪਵੇਗੀ।
ਮੋਹਾਲੀ ਪ੍ਰੈਸ ਕਲੱਬ ਦੇ ਕਨਵੀਨਰ ਸੁਖਦੇਵ ਸਿੰਘ ਪਟਵਾਰੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪ੍ਰੈਸ ਆਮ ਆਦਮੀ ਦੀ ਜੁਬਾਨ ਹੈ ਲੋਕਾਂ ਨੂੰ ਇਨਸਾਫ ਦਿਵਾਉਣ ਵਿੱਚ ਪ੍ਰੈੱਸ ਦਾ ਅਹਿੰਮ ਰੋਲ ਹੁੰਦਾ ਹੈ । ਪ੍ਰੈੱਸ ਸਰਕਾਰ ਦੀਆਂ ਨੀਤੀਆਂ ਤੇ ਕਮਜੋਰੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ ਯਤਨ ਕਰਦੀ ਹੈ ਅਤੇ ਮੀਡੀਆ ਸਮਾਜ ਵਿੱਚ ਬਦਲਾਅ ਲਿਆਉਣ ਲਈ ਵੀ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਹੈ।
No comments:
Post a Comment