By 121 News Reporter
Mohali,23rd December:-- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਮਹਾਨ ਸ਼ਹੀਦ ਅਤੇ ਧਰਤੀ ਦੇ ਸਪੂਤ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਅਮੀਰ ਵਿਰਾਸਤ ਨੂੰ ਜਿਉਂਦਾ ਰੱਖਣ ਲਈ ਉਨ੍ਹਾਂ ਦੀ ਯਾਦ ਵਿੱਚ ਬਣਾਏ ਗਏ ਅਤਿ ਆਧੁਨਿਕ ਮਿਊਜ਼ੀਅਮ ਲਈ ਸਰਾਹਨਾ ਕੀਤੀ ਜੋ ਭਵਿੱਖੀ ਪੀੜ੍ਹੀਆਂ ਵਿੱਚ ਦੇਸ਼ ਭਗਤੀ, ਨਿਰਪੱਖਤਾ ਅਤੇ ਰਾਸ਼ਟਰਵਾਦ ਦੀ ਭਾਵਨਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਏਗਾ। ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਮਿਊਜ਼ੀਅਮ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਤੋਂ ਬਾਅਦ ਇੱਕ ਜਨਤਕ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਯਾਦਗਾਰ/ਮਿਊਜ਼ੀਅਮ ਦੀ ਸਾਂਭ-ਸੰਭਾਲ ਲਈ 5.75 ਲੱਖ ਰੁਪਏ ਦੀ ਸਾਲਾਨਾ ਬਜਟ ਵਿਵਸਥਾ ਕਰਨ ਦਾ ਐਲਾਨ ਕੀਤਾ ਹੈ ਜੋ ਇੱਕ ਵਿਸ਼ੇਸ਼ ਸਕੀਮ ਹੇਠ ਸਭਿਆਚਾਰ ਮਾਮਲਿਆਂ ਦੇ ਵਿਭਾਗ ਵਿੱਚ ਕੀਤੀ ਜਾਵੇਗੀ। ਉਨ੍ਹਾਂ ਨੇ ਪਰਿਵਾਰ ਵੱਲੋਂ ਇਸ ਮਿਊਜ਼ੀਅਮ ਦੇ ਚੱਲ ਰਹੇ ਪਸਾਰੇ ਦੇ ਕੰਮਾਂ ਨੂੰ ਮੁਕੰਮਲ ਕਰਨ ਲਈ 28 ਲੱਖ ਰੁਪਏ ਦੀ ਗ੍ਰਾਂਟ ਦਿੱਤੇ ਜਾਣ ਦੀ ਮੰਗ ਵੀ ਪ੍ਰਵਾਨ ਕਰ ਲਈ।
ਮੁੱਖ ਮੰਤਰੀ ਨੇ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਵਲੋਂ ਨਿਭਾਈ ਗਈ ਵਿਲੱਖਣ ਭੂਮਿਕਾ ਦੀ ਸਰਾਹਨਾ ਕੀਤੀ ਕਿਉਂਕਿ ਦੇਸ਼ ਦੀ ਕੁੱਲ ਜਨਸੰਖਿਆ ਵਿੱਚ ਕੇਵਲ ਦੋ ਫ਼ੀਸਦੀ ਜਨਸੰਖਿਆ ਵਾਲੇ ਪੰਜਾਬੀਆਂ ਨੇ ਬਰਤਾਨਵੀ ਸਾਮਰਾਜ ਤੋਂ ਮਾਤ ਭੂਮੀ ਨੂੰ ਆਜ਼ਾਦ ਕਰਵਾਉਣ ਲਈ 80 ਫ਼ੀਸਦੀ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਨੇ ਇਸ ਮੌਕੇ ਉਨ੍ਹਾਂ ਦੇਸ਼ ਭਗਤਾਂ ਅਤੇ ਸੁਤੰਤਰਤਾ ਸੈਲਾਨੀਆਂ ਦੀ ਵੀ ਯਾਦ ਤਾਜ਼ਾ ਕੀਤੀ ਜਿਨ੍ਹਾਂ ਨੂੰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਖੇ ਫਾਂਸੀਆਂ, ਕੈਦਾਂ ਅਤੇ ਕਾਲੇ ਪਾਣੀਆਂ ਲਈ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਆਤਮ ਬਲੀਦਾਨ ਦੀ ਪ੍ਰੇਰਨਾ ਆਪਣੇ ਮਹਾਨ ਗੁਰੂਆਂ ਸ਼੍ਰੀ ਗੁਰੂ ਅਰਜਨਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਾਪਤ ਕੀਤੀ ਹੈ ਜਿਨ੍ਹਾਂ ਨੇ ਮਾਨਵਤਾ ਦੀ ਭਲਾਈ ਅਤੇ ਮਾਨਵੀ ਅਧਿਕਾਰਾਂ ਦੀ ਸੁਰੱਖਿਆ ਲਈ ਮਹਾਨ ਬਲੀਦਾਨ ਦਿੱਤੇ ਹਨ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਸਿੱਖ ਨਜ਼ਰਬੰਦਾਂ ਨੂੰ ਪੈਰੋਲ 'ਤੇ ਰਿਹਾਅ ਕੀਤੇ ਜਾਣ ਸਬੰਧੀ ਕਿਹਾ ਕਿ ਉਨ੍ਹਾਂ ਨਜ਼ਰਬੰਦਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ। ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਬੇਅੰਤ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਵਲੋਂ ਉਨ੍ਹਾਂ ਦੀ ਹੱਤਿਆ ਵਿੱਚ ਉਮਰ ਕੈਦ ਦਾ ਸਾਹਮਣਾ ਕਰ ਰਹੇ ਦੋਸ਼ੀਆਂ ਨੂੰ ਪੈਰੋਲ 'ਤੇ ਰਿਹਾਅ ਕਰਨ ਸਬੰਧੀ ਦਿਖਾਈ ਫ਼ਰਾਖਦਿਲੀ ਦੀ ਵੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਉੱਤਰ ਪ੍ਰਦੇਸ਼, ਕਰਨਾਟਕ ਅਤੇ ਗੁਜਰਾਤ ਦੇ ਮੁੱਖ ਮੰਤਰੀਆਂ ਕੋਲ ਇਹ ਮੁੱਦਾ ਉਠਾਇਆ ਹੈ ਅਤੇ ਅਜਿਹੇ ਕੈਦੀਆਂ ਨੂੰ ਪੈਰੋਲ ਦੇਣ ਲਈ ਕਿਹਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਮੁੱਖ ਮੰਤਰੀ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰ ਲੈਣਗੇ। ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਪਹਿਲਾਂ ਹੀ ਇੱਕ ਨਜ਼ਰਬੰਦ ਦੀ ਪੈਰੋਲ ਦਾ ਮਾਮਲਾ ਰਾਜਪਾਲ ਨੂੰ ਜ਼ਰੂਰੀ ਕਾਰਵਾਈ ਲਈ ਭੇਜਿਆ ਹੈ ਕਿਉਂਕਿ ਉਹ ਇਸ ਮਾਮਲੇ ਸਬੰਧੀ ਫ਼ੈਸਲਾ ਲੈਣ ਲਈ ਅੰਤਮ ਅਥਾਰਟੀ ਹਨ। ਨਸ਼ਿਆਂ ਦੇ ਸਮੱਗਲਰ ਜਗਦੀਸ਼ ਭੋਲਾ ਵਲੋਂ ਪੰਜਾਬ ਦੇ ਕੈਬਨਿਟ ਮੰਤਰੀਆਂ ਉਤੇ ਨਸ਼ਿਆਂ ਦੇ ਤਸਕਰਾਂ ਨਾਲ ਸਬੰਧ ਹੋਣ ਬਾਰੇ ਸੀ.ਬੀ.ਆਈ. ਨੂੰ ਮਾਮਲਾ ਸੌਂਪਣ ਉਤੇ ਟਿੱਪਣੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਰਾਜ ਪੁਲਿਸ ਵਲੋਂ ਜਾਰੀ ਜਾਂਚ ਦੌਰਾਨ ਭੋਲੇ ਨੂੰ ਕਿਸ ਨੇ ਇਨ੍ਹਾਂ ਨਾਵਾਂ ਦਾ ਪ੍ਰਗਟਾਵਾ ਕਰਨ ਤੋਂ ਰੋਕਿਆ ਹੈ।
No comments:
Post a Comment