By 121 News
Chandigarh 27th July:- ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਦੀ ਆਮ ਤਾਲਮੇਲ ਸ਼ਾਖਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੰਦਰਾ ਗਾਂਧੀ ਮੈਮੋਰੀਅਲ ਟਰਸਟ, 1-ਅਕਬਰ ਰੋਡ ਨਵੀਂ ਦਿੱਲੀ ਵੱਲੋਂ ਸਾਲ 2017 ਲਈ ਇੰਦਰਾ ਗਾਂਧੀ ਅਵਾਰਡ ਦਿੱਤਾ ਜਾਣਾ ਹੈ ਅਤੇ ਇਹ ਇਨਾਮ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਨੇ ਦੇਸ਼ ਦੇ ਵਿਕਾਸ ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਰੱਖਣ ਲਈ ਵਿਸ਼ੇਸ ਕਾਰਜ ਕੀਤੇ ਹੋਣਗੇ। ਇਹ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਅਵਾਰਡ ਵਿੱਚ 10 ਲੱਖ ਰੁਪਏ ਦੇ ਨਗਦ ਇਨਾਮ ਤੋਂ ਇਲਾਵਾ ਇੱਕ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਇੰਦਰਾ ਗਾਂਧੀ ਦੀ ਲਗਭਗ 2000 ਲੱਖ ਸਾਲ ਪੁਰਾਣੇ ਪੱਥਰ ਤੋਂ ਤਿਆਰ ਕੀਤੀ ਹੋਈ ਮੂਰਤੀ ਅਤੇ ਇੱਕ ਸਾਈਟੇਸ਼ਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨਾਮ ਲੈਣ ਦੇ ਚਾਹਵਾਨ ਵਿਅਕਤੀਆਂ ਵੱਲੋਂ ਜਿਥੇ ਦੇਸ਼ ਦੇ ਆਰਥਿਕ ਵਿਕਾਸ ਵਿੱਚ ਵਿਲੱਖਣ ਯੋਗਦਾਨ ਪਾਇਆ ਹੋਣਾ ਚਾਹੀਦਾ ਹੈ ਉਥੇ ਹੀ ਉਸ ਵੱਲੋਂ ਦੇਸ਼ ਦੇ ਚੋਤਰਫਾ ਵਿਕਾਸ ਵਿੱਚ ਤੇਜੀ ਲਿਆਉਣ ਵਾਸਤੇ ਕੋਈ ਠੋਸ ਕਦਮ ਚੁੱਕੇ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਅਵਾਰਡ ਲੈਣ ਦੇ ਚਾਹਵਾਨ 30 ਸਤੰਬਰ ਤੱਕ ਟਰਸਟ ਦੇ ਦਫ਼ਤਰ ਵਿਖੇ ਸੰਪਰਕ ਕਰਕੇ ਆਪਣੀਆਂ ਪ੍ਰਾਪਤੀਆਂ ਭੇਜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਵਾਰਡ ਲਈ ਯੋਗ ਵਿਅਕਤੀ ਦੀ ਚੋਣ ਸਮਾਜ ਦੇ ਵੱਖ-ਵੱਖ ਵਰਗਾਂ ਦੇ ਮਾਹਰਾਂ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਅਵਾਰਡ ਦੇਣ ਲਈ ਬਣਾਈ ਗਈ ਜਿਉਰੀ ਇਨਾਮ ਨੂੰ ਇੱਕ ਜਾਂ ਇੱਕ ਤੋਂ ਵੱਧ ਵਿਅਕਤੀਆਂ ਵਿੱਚ ਵੰਡਣ ਦਾ ਅਧਿਕਾਰ ਵੀ ਰੱਖਦੀ ਹੈ।
ਉਨ੍ਹਾਂ ਦੱਸਿਆ ਕਿ ਟਰਸਟ ਵੱਲੋਂ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ, ਆਮ ਲੋਕਾਂ ਦੀ ਭਲਾਈ, ਆਧੁਨਿਕ ਵਿਗਿਆਨ ਦੀਆਂ ਤਕਨੀਕਾਂ ਨੂੰ ਉਤਸਾਹਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਟਰਸਟ ਵੱਲੋਂ ਸਭਿਆਚਾਰਕ ਗਤੀਵਿਧੀਆਂ ਨੂੰ ਉਤਸਾਹਤ ਕਰਨਾ ਅਤੇ ਯੂਨੀਵਰਸਲ ਪੱਧਰ 'ਤੇ ਲੋਕ ਆਰਟ, ਲੋਕ ਸੰਗੀਤ, ਥੀਏਟਰ, ਫਿਲਮ, ਪੇਟਿੰਗ ਤੇ ਸਾਖਰਤਾ ਨੂੰ ਬੜਾਵਾ ਦਿੱਤਾ ਜਾਂਦਾ ਹੈ।
No comments:
Post a Comment