By 121 News
Chandigarh 23rd November:- ਮੁਹਾਲੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ 1 ਵਿਖੇ ਅੱਜ ਸ਼ੁਰੂ ਹੋਈਆਂ ਖੋ-ਖੋ ਦੀਆਂ 62ਵੀਂ ਪੰਜਾਬ ਰਾਜ ਸਕੂਲ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਸਾਹਮਣੇ ਆਈਆਂ ਊਣਤਾਈਆਂ ਦਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਮੌਕੇ 'ਤੇ ਹੀ ਗੰਭੀਰ ਨੋਟਿਸ ਲੈਂਦਿਆਂ ਅਣਗਹਿਲੀ ਕਰਨ ਵਾਲੇ ਸਿੱਖਿਆ ਅਧਿਕਾਰੀਆਂ ਅਤੇ ਸਰੀਰਕ ਸਿੱਖਿਆ ਅਧਿਆਪਕਾਂ ਖਿਲਾਫ ਕਾਰਵਾਈ ਦੇ ਆਦੇਸ਼ ਦਿੱਤੇ ਹਨ।
ਡਾ. ਦਲਜੀਤ ਸਿੰਘ ਚੀਮਾ ਜੋ ਪੰਜਾਬ ਸਕੂਲ ਖੇਡਾਂ ਦੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਪੁੱਜੇ ਸਨ, ਮਾਰਚ ਪਾਸਟ ਦੌਰਾਨ ਖਿਡਾਰੀਆਂ ਦੀ ਬਿਨਾਂ ਕਿੱਟਾਂ ਤੋਂ ਮੌਜੂਦਗੀ ਅਤੇ ਸਾਰੀਆਂ ਟੀਮਾਂ ਦੇ ਝੰਡਾਬਰਦਾਰਾਂ ਕੋਲ ਝੰਡਾ ਨਾ ਹੋਣ ਸਮੇਤ ਹੋਰ ਕੋਈ ਊਣਤਾਈਆਂ ਦਾ ਮੌਕੇ 'ਤੇ ਹੀ ਗੰਭੀਰ ਨੋਟਿਸ ਲਿਆ।
ਡਾ. ਦਲਜੀਤ ਸਿੰਘ ਚੀਮਾ ਨੇ ਆਪਣੇ ਭਾਸ਼ਣ ਦੌਰਾਨ ਬੋਲਦਿਆਂ ਕਿਹਾ ਕਿ ਰਾਜ ਪੱਧਰੀ ਖੇਡਾਂ ਦੌਰਾਨ ਖਿਡਾਰੀਆਂ ਦੀ ਬਿਨਾਂ ਕਿੱਟਾਂ, ਬੂਟ ਅਤੇ ਝੰਡਿਆਂ ਤੋਂ ਮਾਰਚ ਪਾਸਟ ਵਿੱਚ ਮੌਜੂਦਗੀ ਇਕ ਵੱਡੀ ਅਨੁਸ਼ਾਸਨਹੀਣਤਾ ਹੈ। ਉਨਾਂ ਮੌਕੇ 'ਤੇ ਹੀ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਤੇ ਅਧਿਆਪਕਾਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨਾਂ ਇਹ ਵੀ ਕਿਹਾ ਕਿ ਜਿੱਥੇ ਵੀ ਕਿਸੇ ਵੀ ਖੇਡ ਦੀਆਂ ਪੰਜਾਬ ਰਾਜ ਸਕੂਲ ਖੇਡਾਂ ਕਰਵਾਈਆਂ ਜਾਣ, ਉਥੇ ਮੁੱਖ ਦਫਤਰ ਤੋਂ ਸੀਨੀਅਰ ਅਧਿਕਾਰੀ ਨੂੰ ਮੌਕੇ 'ਤੇ ਭੇਜ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇ। ਉਨਾਂ ਇਹ ਵੀ ਚਿਤਾਵਨੀ ਦਿੱਤੀ ਕਿ ਉਹ ਖੁਦ ਕਿਸੇ ਵੇਲੇ ਵੀ ਆ ਕੇ ਖਿਡਾਰੀਆਂ ਦੇ ਰਹਿਣ ਅਤੇ ਖਾਣ-ਪੀਣ ਦੇ ਪ੍ਰਬੰਧਾਂ ਦੀ ਚੈਕਿੰਗ ਕਰ ਸਕਦੇ ਹਨ।
ਸਿੱਖਿਆ ਮੰਤਰੀ ਨੇ ਇਸ ਮੌਕੇ ਮੁਹਾਲੀ ਜ਼ਿਲੇ ਦੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਲਈ ਖੇਡਾਂ ਦਾ ਸਮਾਨ ਵੰਡਿਆ।ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਪੱਧਰ ਦੀਆਂ ਖੇਡਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਖਿਡਾਰੀਆਂ ਦੀ ਪਨੀਰੀ ਹੇਠਲੇ ਪੱਧਰ 'ਤੇ ਹੀ ਤਿਆਰ ਕੀਤੀ ਜਾ ਸਕੇ। ਉਨਾਂ ਕਿਹਾ ਕਿ ਪਹਿਲੇ ਪੜਾਅ ਤਹਿਤ ਸਮੂਹ ਪ੍ਰਾਇਮਰੀ ਸਕੂਲਾਂ ਨੂੰ ਖੇਡਾਂ ਲਈ ਮੁੱਢਲਾ ਸਮਾਨ ਵੰਡਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਡਾ.ਚੀਮਾ ਨੇ ਖੋ-ਖੋ (ਲੜਕੇ) ਦੀਆਂ 62ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦਾ ਰਸਮੀ ਉਦਘਾਟਨ ਕੀਤਾ।
No comments:
Post a Comment