By 121 News
Chandigarh 25th July:- ਆਸਟਰੇਲੀਆ ਦੀ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਵੱਲੋਂ ਅੱਜ ਉਚੇਚੇ ਤੌਰ 'ਤੇ ਪੰਜਾਬ ਦੇ ਖੇਤੀਬਾੜੀ ਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਜਥੇਦਾਰ ਤੋਤਾ ਸਿੰਘ ਨਾਲ ਅੱਜ ਮੁਹਾਲੀ ਸਥਿਤ ਪੰਜਾਬ ਮੰਡੀਕਰਨ ਬੋਰਡ ਦੇ ਦਫਤਰ ਵਿਖੇ ਮੁਲਾਕਾਤ ਕੀਤੀ ਗਈ। ਇਸ ਮਿਲਣੀ ਦੌਰਾਨ ਖੇਤੀਬਾੜੀ ਦੇ ਨਾਲ-ਨਾਲ ਪਰਵਾਸੀ ਭਾਰਤੀਆਂ ਅਤੇ ਆਸਟਰੇਲੀਆ ਵਿੱਚ ਪੜ੍ਹਨ ਜਾ ਰਹੇ ਪੰਜਾਬੀ ਵਿਦਿਆਰਥੀਆਂ ਦੇ ਮਸਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਸਟਰੇਲੀਆ ਅਤੇ ਪੰਜਾਬ ਖੇਤੀਬਾੜੀ ਦੇ ਖਿੱਤੇ ਵਿੱਚ ਕਾਫੀ ਸਾਂਝ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਆਸਟਰੇਲੀਅਨ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨਾਲ ਵਿਸ਼ੇਸ਼ ਤੌਰ 'ਤੇ ਖੇਤੀਬਾੜੀ ਮੰਡੀਕਰਨ, ਬਾਗਬਾਨੀ, ਫੂਡ ਪ੍ਰਾਸੈਸਿੰਗ, ਡੇਅਰੀ ਵਿਕਾਸ, ਸਿੰਜਾਈ ਅਤੇ ਖੇਤੀਬਾੜੀ ਨਾਲ ਸਬੰਧਤ ਸਹਾਇਕ ਧੰਦਿਆਂ ਸਬੰਧੀ ਵਿਸ਼ਿਆਂ 'ਤੇ ਚਰਚਾ ਕੀਤੀ ਗਈ। ਇਸ ਮੀਟਿੰਗ ਦੌਰਾਨ ਜਥੇਦਾਰ ਤੋਤਾ ਸਿੰਘ ਨੇ ਦੱਸਿਆ ਕਿ ਫੂਡ ਪ੍ਰਾਸੈਸਿੰਗ, ਡੇਅਰੀ ਤਕਨੀਕ ਅਤੇ ਖੇਤੀਬਾੜੀ ਮਾਰਕਟਿੰਗ ਦੇ ਖੇਤਰ ਵਿੱਚ ਆਸਟਰੇਲੀਆ ਤੇ ਪੰਜਾਬ ਇਕ-ਦੂਜੇ ਨੂੰ ਕਾਫੀ ਸਹਿਯੋਗ ਦੇ ਸਕਦੇ ਹਨ। ਇਸ ਮੌਕੇ ਜਥੇਦਾਰ ਤੋਤਾ ਸਿੰਘ ਨੇ ਪੰਜਾਬ ਵਿੱਚ ਖੇਤੀਬਾੜੀ ਦੇ ਵੱਖ-ਵੱਖ ਖੇਤਰਾਂ ਵਿੱਚ ਕੀਤੀ ਗਏ ਕੰਮਾਂ ਬਾਰੇ ਵਿਸ਼ੇਸ਼ ਪੇਸ਼ਕਾਰੀ ਵੀ ਦਿੱਤੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮੁੱਖ ਖੇਤਰਾਂ ਵਿੱਚ ਆਸਟਰੇਲੀਆ ਤੇ ਪੰਜਾਬ ਸਹਿਯੋਗ ਕਰ ਸਕਦੇ ਹਨ, ਉਨ੍ਹਾਂ ਵਿੱਚ ਅਹਿਮ ਤੌਰ 'ਤੇ ਫੂਡ ਤਕਨਾਲੋਜੀ ਤੇ ਫੂਡ ਪ੍ਰਾਸੈਸਿੰਗ, ਡੇਅਰੀ ਵਿਕਾਸ ਅਤੇ ਪਾਣੀ ਪ੍ਰਬੰਧਨ ਦੇ ਖੇਤਰ ਸ਼ਾਮਲ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਆਸਟਰੇਲੀਆ ਇਨ੍ਹਾਂ ਵਿਸ਼ੇਸ਼ ਖੇਤਰਾਂ ਵਿੱਚ ਆਸਟਰੇਲੀਆ ਪੰਜਾਬ ਦਾ ਸਹਿਯੋਗ ਕਰੇਗਾ।
ਜਥੇਦਾਰ ਤੋਤਾ ਸਿੰਘ ਜੋ ਕਿ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਵੀ ਮੰਤਰੀ ਹਨ, ਨੇ ਪੰਜਾਬ ਤੋਂ ਆਸਟਰੇਲੀਆ ਪੜ੍ਹਾਈ ਲਈ ਜਾਂਦੇ ਵਿਦਿਆਰਥੀਆਂ ਨੂੰ ਦਰਪੇਸ਼ ਆਉਂਦੀਆਂ ਔਕੜਾਂ ਬਾਰੇ ਵੀ ਆਸਟਰੇਲੀਅਨ ਹਾਈ ਕਮਿਸ਼ਨਰ ਨੂੰ ਜਾਣੂੰ ਕਰਵਾਇਆ ਅਤੇ ਨਾਲ ਹੀ ਮੰਗ ਰੱਖੀ ਕਿ ਭਾਰਤ ਖਾਸ ਕਰ ਕੇ ਪੰਜਾਬ ਤੋਂ ਵਿਦਿਆਰਥੀ ਲੱਖਾਂ ਰੁਪਏ ਖਰਚ ਕੇ ਆਸਟਰੇਲੀਆ ਦੀਆਂ ਯੂਨੀਵਰਸਿਟੀਆਂ ਤੋਂ ਪੜ੍ਹਨ ਜਾਂਦੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਪੜ੍ਹਾਈ ਲਈ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣਾ ਬਿਹਤਰ ਸਿੱਖਿਆ ਹਾਸਲ ਕਰ ਸਕਣ। ਜੱਥੇਦਾਰ ਤੋਤਾ ਸਿੰਘ ਨੇ ਵਿਸ਼ੇਸ਼ ਤੌਰ 'ਤੇ ਦੱਸਿਆ ਕਿ ਜਦੋਂ ਪੰਜਾਬ ਦੇ ਵਿਦਿਆਰਥੀ ਆਸਟ੍ਰੇਲੀਆ ਦੀ ਕਿਸੇ ਯੂਨੀਵਰਸਿਟੀ ਲਈ ਦਾਖਲਾ ਹੋਣ ਤੋਂ ਬਾਅਦ ਫੀਸ ਵੀ ਭਰਵਾ ਦਿੰਦੇ ਹਨ ਤਾਂ ਉਨ੍ਹਾਂ ਦਾ ਵੀਜ਼ਾ 5-6 ਮਹੀਨੇ ਦੇਰੀ ਨਾਲ ਪੁੱਜਦਾ ਹੈ ਜਿਸ ਕਾਰਣ ਵਿਦਿਆਰਥੀਆਂ ਦੀ ਪੜ੍ਹਾਈ ਦੇ ਛੇ ਮਹੀਨੇ ਬੇਕਾਰ ਹੋ ਜਾਂਦੇ ਹਨ। ਉਨ੍ਹਾਂ ਆਸਟ੍ਰੇਲੀਅਨ ਹਾਈ ਕਮਿਸ਼ਨਰ ਨੂੰ ਇਸ ਮਾਮਲੇ 'ਤੇ ਵਿਸ਼ੇਸ਼ ਧਿਆਨ ਦੇਣ ਅਤੇ ਵਿਦਿਆਰਥੀਆਂ ਦਾ ਵੀਜ਼ਾ ਸਮੇਂ ਸਿਰ ਜਾਰੀ ਕਰਵਾਉਣ ਲਈ ਯਤਨ ਕਰਨ ਦੀ ਵਕਾਲਤ ਕੀਤੀ।
ਖੇਤੀਬਾੜੀ ਮੰਤਰੀ ਨੇ ਇਸ ਗੱਲ ਦਾ ਮਾਣ ਪ੍ਰਗਟ ਕੀਤਾ ਕਿ ਹਰਿੰਦਰ ਸਿੱਧੂ ਜੋ ਕਿ ਭਾਰਤ ਵਿੱਚ ਆਸਟਰੇਲੀਆ ਦੇ ਹਾਈ ਕਮਿਸ਼ਨਰ ਹਨ, ਉਨ੍ਹਾਂ ਦੇ ਹਲਕੇ ਧਰਮਕੋਟ ਦੀ ਮੂਲ ਵਸਨੀਕ ਹੈ। ਜਥੇਦਾਰ ਤੋਤਾ ਸਿੰਘ ਨੇ ਇਸ ਗੱਲ 'ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਆਪਣੇ ਜੱਦੀ ਪਿੰਡ ਆਉਣ ਦਾ ਸੱਦਾ ਦਿੱਤਾ। ਆਸਟਰੇਲੀਅਨ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਹਰ ਖੇਤਰ ਵਿੱਚ ਸਹਿਯੋਗ ਦੇਣ ਦਾ ਪੂਰਾ ਭਰੋਸਾ ਦਿੱਤਾ।
ਇਸ ਮੌਕੇ ਵਧੀਕ ਮੁੱਖ ਸਕੱਤਰ ਵਿਕਾਸ ਐਨ.ਐਸ.ਕਲਸੀ, ਪ੍ਰਮੁੱਖ ਸਕੱਤਰ ਪਰਵਾਸੀ ਭਾਰਤੀ ਮਾਮਲੇ ਸੰਜੇ ਸਿੰਘ, ਸਕੱਤਰ ਖੇਤੀਬਾੜੀ ਵਿਵੇਕ ਪ੍ਰਤਾਪ ਸਿੰਘ, ਪ੍ਰਬੰਧਕੀ ਨਿਰਦੇਸ਼ਕ, ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਕਾਹਨ ਸਿੰਘ ਪੰਨੂੰ, ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਐਮ.ਡੀ. ਅਰਵਿੰਦਰ ਸਿੰਘ ਬੈਂਸ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
No comments:
Post a Comment