By 121 News Reporter
Mohali 12th March:-- 30 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੋਟਰਾਂ ਨੂੰ ਆਪਣੀ ਵੋਟ ਦੇ ਮਿਲੇ ਸੰਵਿਧਾਨਿਕ ਹੱਕ ਦੀ ਵਰਤੋਂ ਕਰਨ ਲਈ ਹੇਠਲੇ ਪੱਧਰ ਤੇ ਜਾਗਰੂਕ ਕੀਤਾ ਜਾਵੇਗਾ । ਜਿਸ ਲਈ ਸਮਾਜ ਸੇਵੀ ਸੰਸਥਾਵਾਂ, ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਸਮੇਤ ਹਰ ਵਰਗ ਦੇ ਲੋਕਾਂ ਦਾ ਸਹਿਯੋਗ ਲਿਆ ਜਾਵੇਗਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਜ਼ਿਲ੍ਹਾ ਚੋਣ ਅਫ਼ਸਰ -ਕਮ-ਵਧੀਕ ਡਿਪਟੀ ਕਮਿਸ਼ਨਰ ਪ੍ਰਵੀਨ ਕੁਮਾਰ ਥਿੰਦ ਨੇ ਜ਼ਿਲ੍ਹੇ ਦੇ ਬਿਲਡਰਜ਼ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਹਨਾਂ ਇਸ ਮੌਕੇ ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕਰਨ ਲਈ ਪੋਸਟਰ ਵੀ ਜਾਰੀ ਕੀਤਾ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ ਪੈਂਦੇ ਵਿਧਾਨ ਸਭਾ ਹਲਕੇ ਖਰੜ, ਐਸ.ਏ.ਐਸ.ਨਗਰ ਅਤੇ ਡੇਰਾਬਸੀ ਵਿਖੇ 67ਫ਼ੀ ਸਦੀ ਵੋਟਾਂ ਦਾ ਭੁਗਤਾਨ ਹੋਇਆ ਸੀ ਜੋ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨ ਦੇ ਮਿੱਥੇ ਟੀਚਿਆਂ ਨਾਲੋਂ ਘੱਟ ਸੀ। ਉਹਨਾਂ ਕਿਹਾ ਕਿ ਹੁਣ ਜ਼ਿਲ੍ਹੇ ਵਿੱਚ ਘੱਟੋ ਘੱਟ 85ਫ਼ੀ ਸਦੀ ਪੋਲਿੰਗ ਦਾ ਟੀਚਾ ਮਿੱਥਿਆ ਗਿਆ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸ਼ਨ ਪੂਰੀ ਸੁਹਿਰਦਤਾ ਨਾਲ ਕੰਮ ਕਰੇਗਾ ਉੱਥੇ ਲੋਕਾਂ ਦੇ ਸਹਿਯੋਗ ਦੀ ਵੀ ਜਰੂਰਤ ਹੈ। ਉਹਨਾਂ ਕਿਹਾ ਕਿ ਪਿਛਲੀਆਂ ਚੋਣਾਂ ਵੇਲੇ ਖਾਸ ਕਰਕੇ ਸਾਡਾ 18 ਤੋਂ 20 ਸਾਲ ਦਰਮਿਆਨ ਉਮਰ ਦਾ ਨੌਜਵਾਨ ਵਰਗ ਜਿੱਥੇ ਵੋਟ ਬਣਾਉਣ ਵਿੱਚ ਘੱਟ ਦਿਲਚਸਪੀ ਲੈਂਦਾ ਹੈ ਉੱਥੇ ਵੋਟ ਦੀ ਵਰਤੋਂ ਵੀ ਘੱਟ ਕਰਦੇ ਹਨ। ਉਹਨਾਂ ਕਿਹਾ ਕਿ ਨੌਜਵਾਨ ਵਰਗ ਨੂੰ ਆਪਣੇ ਹੱਕ ਵੋਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਜ਼ਿਲ੍ਹੇ 'ਚ ਵੋਟਾਂ ਬਣਾਉਣ ਅਤੇ ਆਪਣੇ ਵੋਟ ਦੇ ਭੁਗਤਾਨ ਲਈ ਵਿਸ਼ੇਸ ਜਾਗਰੂਕਤਾ ਮੁਹਿੰਮ ਵਿੰਢੀ ਜਾਵੇਗੀ। ਪ੍ਰਵੀਨ ਕੁਮਾਰ ਥਿੰਦ ਨੇ ਇਸ ਮੌਕੇ ਬਿਲਡਰਜ਼ ਨੂੰ ਆਖਿਆ ਕਿ ਉਹ ਆਪੋ ਆਪਣੀਆਂ ਰਿਹਾਇਸ਼ੀ ਕਲੋਨੀਆਂ ਵਿੱਚ ਜਿੱਥੇ ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਉੱਥੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿੰਢੀ ਜਾਣ ਵਾਲੀ ਵੋਟਰ ਜਾਗਰੂਕਤਾ ਮੁਹਿੰਮ ਵਿੱਚ ਵੀ ਆਪਣਾ ਵੱਡਮੁੱਲਾ ਯੋਗਦਾਨ ਪਾਉਣ । ਉਹਨਾਂ ਕਿਹਾ ਕਿ ਵੋਟਰਾਂ ਨੂੰ ਆਪਣੇ ਵੋਟ ਦੀ ਵਰਤੋਂ ਕਰਨ ਪ੍ਰਤੀ ਜਾਗਰੂਕ ਕਰਨ ਲਈ ਰਿਹਾਇਸ਼ੀ ਕਲੋਨੀਆਂ ਵਿਖੇ ਮੁੱਖ ਗੇਟਾਂ ਤੇ ਅਤੇ ਹੋਰ ਢੁੱਕਵੀਂਆਂ ਥਾਵਾਂ ਤੇ ਹੋਰਡਿੰਗਜ਼ ਅਤੇ ਫਲੈਕਸ ਆਦਿ ਲਗਵਾਏ ਜਾਣ। ਉਹਨਾਂ ਦੱਸਿਆ ਕਿ ਪ੍ਰਸਾਸ਼ਨ ਵੱਲੋਂ ਵਪਾਰ ਮੰਡਲ ਪੈਟਰੋਲ ਪੰਪ ਐਸੋਸੀਏਸ਼ਨ ਅਤੇ ਹੋਰਨਾਂ ਵੱਖ ਵੱਖ ਐਸੋਸੀਏਸ਼ਨਾਂ ਤੱਕ ਵੀ ਪਹੁੰਚ ਕੀਤੀ ਗਈ ਹੈ। ਜਿਹਨਾਂ ਵੱਲੋਂ ਹਾਂ ਪੱਖੀ ਹੁੰਗਾਰਾ ਦਿੰਦਿਆਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਹਰ ਤਰ੍ਹਾਂ ਦਾ ਭਰੋਸਾ ਦਿੱਤਾ ਗਿਆ ਹੈ। ਸ੍ਰੀ ਥਿੰਦ ਨੇ ਦੱਸਿਆ ਕਿ ਜਾਗਰੂਕਤਾ ਮੁਹਿੰਮ ਦੌਰਾਨ ਨੁੱਕੜ ਨਾਟਕ, ਸਟਰੀਟ ਪਲੇਅ ਅਤੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ, ਭਾਸ਼ਣ ਪ੍ਰਤੀਯੋਗਤਾ, ਪੇਂਟਿੰਗ ਮੁਕਾਬਲੇ ਆਦਿ ਵੀ ਕਰਵਾਏ ਜਾਣਗੇ।
No comments:
Post a Comment